ਰੋਜ਼ਾਨਾ ਖ਼ਬਰ
ਮੈਲਬੋਰਨ, 06 ਅਗਸਤ
ਆਸਟਰੇਲੀਆ ਅਗਲੇ ਸਾਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਜਾ ਰਿਹਾ ਹੈ। ਯਾਨੀ ਆਸਟ੍ਰੇਲੀਆ ਵਿੱਚ ਆਗਾਮੀ ਸਾਲ 2026 ਵਿੱਚ ਵਧੇਰੇ ਗਿਣਤੀ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ। ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨ ਦੀਆਂ ਦੋ ਸਾਲ ਦੀਆਂ ਕੋਸ਼ਿਸ਼ਾਂ ਮਗਰੋਂ ਅਲਬਾਨੀਜ਼ ਸਰਕਾਰ ਆਪਣੇ ਰੁਖ਼ ਵਿੱਚ ਨਰਮੀ ਲਿਆ ਰਹੀ ਹੈ।
ਆਸਟਰੇਲੀਆ ਦੇ ਇਸ ਫ਼ੈਸਲੇ ਤਹਿਤ ਵਿਦੇਸ਼ੀ ਵਿਦਿਆਰਥੀ ਦੀ ਗਿਣਤੀ 2025 ਵਿੱਚ ਤੈਅ ਕੀਤੀ ਗਈ ਸੀਮਾ ਤੋਂ 9 ਫ਼ੀਸਦ ਵੱਧ ਹੋਵੇਗੀ। ਹੁਣ ਤੱਕ ਸਿਰਫ਼ 2.70 ਲੱਖ ਵਿਦਿਆਰਥੀਆਂ ਦੀ ਸੀਮਾ ਤੈਅ ਕੀਤੀ ਗਈ ਹੈ, ਜਿਸ ਨੂੰ 2026 ਵਿੱਚ ਵਧਾ ਕੇ 2.95 ਲੱਖ ਕੀਤਾ ਜਾ ਰਿਹਾ ਹੈ। ਹਾਲਾਂਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲੇ ਤੋਂ ਰੋਕਣ ਜਾਂ ਦੂਰ ਰੱਖਣ ਦੀਆਂ ਕਈ ਹੋਰ ਪਰਵਾਸ ਸਬੰਧੀ ਨੀਤੀਆਂ ਕਾਰਨ 2026 ਵਿੱਚ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੀ ਅਸਲ ਗਿਣਤੀ ਅਜੇ ਵੀ 2.95 ਲੱਖ ਦੇ ਅੰਕੜੇ ਤੋਂ ਘੱਟ ਰਹਿ ਸਕਦੀ ਹੈ।
ਇਸ ਸਮੇਂ 2.70 ਲੱਖ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦਾ ਟੀਚਾ ਹੈ ਜਿਸ ਵਿੱਚੋਂ 176,000 ਵਿਦੇਸ਼ੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ 94 ਹਜ਼ਾਰ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਵਿੱਚ ਵੰਡਿਆ ਗਿਆ ਹੈ। ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਨੂੰ ਘੱਟ ਤੋਂ ਘੱਟ 2025 ਲਈ ਅਲਾਟ ਸੀਟਾਂ ਅਗਲੇ ਸਾਲ 2026 ਵਿੱਚ ਮਿਲ ਜਾਣਗੀਆਂ
ਯੂਨੀਵਰਸਿਟੀਆਂ ਸਮੇਤ ਉੱਚ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਨੂੰ 1,96,750 ਸੀਟਾਂ ਮਿਲਣਗੀਆਂ, ਜੋ 2026 ਵਿੱਚ ਮਿਲਣ ਵਾਲੀਆਂ ਕੁੱਲ ਸੀਟਾਂ ਦਾ ਦੋ ਤਿਹਾਈ ਹਿੱਸਾ ਹੈ।ਸਰਕਾਰੀ ਯੂਨੀਵਰਸਿਟੀਆਂ ਦੀ ਜੇਕਰ 2025 ਵਿੱਚ ਕਾਰਗੁਜ਼ਾਰੀ ਚੰਗੀ ਰਹੀ ਹੈ ਤਾਂ ਉਹ ਹੋਰ ਸੀਟਾਂ ਲਈ ਅਰਜ਼ੀ ਦੇ ਸਕਦੀਆਂ ਹਨ।ਇਹ ਕਦਮ ਸਰਕਾਰ ਦੀ ਸੋਧੀ ਹੋਈ ਪਰਵਾਸ ਰਣਨੀਤੀ ਦਾ ਹਿੱਸਾ ਹੈ। ਜਿਸਦਾ ਉਦੇਸ਼ ਸਿੱਖਿਆ ਖੇਤਰ ਦੇ ਵਿਕਾਸ ਦਾ ਪ੍ਰਬੰਧਨ ਕਰਨਾ ਹੈ ਅਤੇ ਨਾਲ ਹੀ ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਦੇ ਦਬਾਅ ਨੂੰ ਹੱਲ ਕਰਨਾ ਹੈ।











