Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਚੰਡੀਗੜ੍ਹ, 2 ਅਗਸਤ
ਰੀਅਲ ਅਸਟੇਟ ਕਾਰੋਬਾਰੀ ਤੋਂ ਸਿਆਸਤਦਾਨ ਬਣੇ ਰਣਜੀਤ ਸਿੰਘ ਗਿੱਲ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਨਿਚਰਵਾਰ ਸਵੇਰੇ ਮੁਹਾਲੀ ਅਤੇ ਖਰੜ ਵਿੱਚ ਉਨ੍ਹਾਂ ਦੇ ਘਰ ਅਤੇ ਦਫ਼ਤਰਾਂ ’ਤੇ ਛਾਪਾ ਮਾਰਿਆ ਹੈ।

ਗਿੱਲ ਖੁਦ ਇਸ ਬਾਰੇ ਟਿੱਪਣੀ ਲਈ ਉਪਲਬਧ ਨਹੀਂ ਸਨ, ਪਰ ਉਨ੍ਹਾਂ ਦੇ ਕਰੀਬੀ ਸਾਥੀਆਂ ਨੇ ਇਸ ਕਾਰਵਾਈ ਨੂੰ “ਸਿਆਸੀ ਬਦਲਾਖੋਰੀ” ਦੱਸਿਆ ਹੈ। ਭਾਜਪਾ ਦੇ ਇੱਕ ਆਗੂ ਦੇ ਅਨੁਸਾਰ ਗਿੱਲ ’ਤੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਲਈ ਲਗਾਤਾਰ ਦਬਾਅ ਸੀ, ਜਿਸ ਕਾਰਨ ਕਥਿਤ ਤੌਰ ’ਤੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦੇਰ ਰਾਤ ਭਾਜਪਾ ਪਾਰਟੀ ਵਿਚ ਸ਼ਮੂਲੀਅਤ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਚੰਡੀਗੜ੍ਹ ਸਥਿਤ ਸਰਕਾਰੀ ਨਿਵਾਸ ’ਤੇ ਗਿੱਲ ਦੇ ਸ਼ਾਮਲ ਹੋਣ ਸਮੇਂ ਮੌਜੂਦ ਨੇਤਾ ਨੇ ਦਾਅਵਾ ਕੀਤਾ, ‘‘ਇਸੇ ਕਰਕੇ ਉਹ ਅਚਾਨਕ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਸਵੇਰ ਤੱਕ, ਵਿਜੀਲੈਂਸ ਬਿਊਰੋ ਉਨ੍ਹਾਂ ਦੇ ਦਰਵਾਜ਼ੇ ’ਤੇ ਸੀ।

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਐਕਸ ਤੇ ਕਿਹਾ ਗਿਆ ਕਿ ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਰੇਡ ਦੀ ਟਾਈਮਿੰਗ ਸਰਕਾਰ ਦੇ ਹੰਕਾਰ ਦਾ ਪ੍ਰਗਟਾਵਾ ਹੈ। ਜਿਹੜੀ ਸਰਕਾਰ ਖੁਦ ਭੂ ਮਾਫੀਆ ਦਾ ਰੂਪ ਅਖਤਿਆਰ ਕਰ ਚੁੱਕੀ ਹੈ, ਉਸਨੂੰ ਇਹ ਗਵਾਰਾ ਨਹੀਂ ਕਿ ਕੋਈ ਬਿਲਡਰ ਆਪਣੀ ਇੱਛਾ ਨਾਲ ਆਪਣਾ ਕੋਈ ਰਾਜਨੀਤਿਕ ਰਾਹ ਚੁਣ ਸਕੇ। ਵਿਰੋਧੀ ਵਿਚਾਰਧਾਰਾ ਵਾਲਿਆਂ ਨੂੰ ਡਰਾਉਣ ਧਮਕਾਉਣ ਲਈ ਸਰਕਾਰ ਦੇ ਇਸ ਤਰ੍ਹਾਂ ਦੇ ਹੱਥ ਕੰਡੇ ਜਿੱਥੇ ਸਰਕਾਰ ਦੀ ਮਨਸ਼ਾ ਉਜਾਗਰ ਕਰਦੇ ਹਨ, ਉਥੇ ਹੀ ਇਹ ਲੋਕਤੰਤਰ ਦੇ ਬਿਲਕੁਲ ਖਿਲਾਫ ਹੈ।

ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੀਲ ਗਰਗ ਨੇ ਭਾਜਪਾ ’ਤੇ ਸਵਾਲ ਖੜੇ ਕੀਤੇ ਅਤੇ ਦੋਸ਼ ਲਗਾਏ ਕਿ ਭਾਜਪਾ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਸ਼ਰਨ ਦਿੰਦੀ ਹੈ। ਉਨ੍ਹਾਂ ਦੋਸ਼ ਲਗਾਇਆ ਪਹਿਲਾਂ ਮਜੀਠੀਆ ਦੇ ਖਿਲਾਫ਼ ਨਸ਼ਾ ਤਸਕਰੀ ਮਾਮਲੇ ਵਿੱਚ ਈਡੀ ਦੀ ਜਾਂਚ ਭਾਜਪਾ ਨੇ ਰੋਕੀ। ਹੁਣ ਰਾਤੋਂ-ਰਾਤ ਅਕਾਲੀ ਆਗੂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾ ਦਿੱਤਾ। ਸੀਨੀਅਰ ਨੇਤਾ ਬਲਤੇਜ ਪੰਨੂ ਵੱਲੋਂ ਸਵਾਲ ਕੀਤਾ ਗਿਆ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਦੇ ਜਰਿਏ ਨਹੀਂ ਬਲਕਿ ਸਿੱਧਾ ਹਰਿਆਣਾ ਦੇ ਮੁੱਖ ਮੰਤਰੀ ਜੁਆਇਨ ਕਰਵਾਉਂਦੇ ਹਨ।

ਜਰਣਜੀਤ ਗਿੱਲ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਖਰੜ ਤੋਂ ਚੋਣ ਲੜ ਚੁੱਕੇ ਹਨ। 2022 ਵਿੱਚ ਉਨ੍ਹਾਂ ਨੂੰ ‘ਆਪ’ ਦੀ ਅਨਮੋਲ ਗਗਨ ਮਾਨ ਤੋਂ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਗਿੱਲ ਨੇ ਹਾਲ ਹੀ ਵਿੱਚ ਆਪਣੀ ਪਾਰਟੀ ਦੇ ਅਹੁਦੇਦਾਰਾਂ ਦੀ ਨਿਯੁਕਤੀ ਤੋਂ ਨਾਰਾਜ਼ ਹੋ ਕੇ 12 ਜੁਲਾਈ ਨੂੰ ਅਕਾਲੀ ਦਲ ਛੱਡ ਦਿੱਤਾ ਸੀ।

ਫੋਟੋ ਕੈਪਸ਼ਨ: ਭਾਜਪਾ ਵਿਚ ਸ਼ਾਮਲ ਹੁੰਦਿਆਂ ਦੀ ਫਾਈਲ ਫੋਟੋ।


Share & like

Leave a Reply