Share & like

ਅਮਰੀਕ ਸਿੰਘ ਯਾਦਗਾਰੀ ਹਾਲ ਵਿਖੇ ਹੋਵੇਗਾ ਸ਼ਹੀਦੀ ਸਮਾਗਮ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 29 ਜੁਲਾਈ
ਧਰਮ ਨਿਰਪੱਖਤਾ ਦੇ ਪ੍ਰਤੀਕ ਅਤੇ ਸਾਮਰਾਜੀ ਨੀਤੀਆਂ ਖ਼ਿਲਾਫ਼ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਸ਼ਹੀਦ ਊਧਮ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਨਤਕ ਜਥੇਬੰਦੀਆਂ ਵੱਲੋਂ ਕਾਮਰੇਡ ਅਮਰੀਕ ਸਿੰਘ ਯਾਦਗਾਰੀ ਹਾਲ ਬਹਿਰਾਮਪੁਰ ਰੋਡ ਗੁਰਦਾਸਪੁਰ ਵਿਖੇ 31 ਜੁਲਾਈ ਨੂੰ ਸਵੇਰੇ 11 ਵਜੇ ਵਿਚਾਰ ਗੋਸ਼ਟੀ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ।

ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਬਹਿਰਾਮਪੁਰ ਨੇ ਦੱਸਿਆ ਕਿ ਗ਼ਦਰ ਪਾਰਟੀ ਦਾ ਸਰਗਰਮ ਕਾਰਕੁੰਨ ਅਤੇ ਜ਼ੱਲਿਆਂਵਾਲੇ ਬਾਗ਼ ਦੇ ਸਾਕੇ ਦੇ ਮਾਈਕਲ ਉਡਵਾਇਰ ਦਾ ਕਤਲ ਕਰਕੇ 31 ਜੁਲਾਈ 1940 ਨੂੰ ਫਾਂਸੀ ਦੇ ਤਖ਼ਤੇ ਉੱਤੇ ਲਟਕ ਜਾਣ ਵਾਲੇ ਸ਼ਹੀਦ ਊਧਮ ਸਿੰਘ ਅੱਜ ਵੀ ਪ੍ਰਸੰਗਿਕ ਹਨ। ਸ਼ਹੀਦ ਊਧਮ ਸਿੰਘ ਵਲੋਂ ਰਾਮ ਮਹੁੰਮਦ ਸਿੰਘ ਆਜ਼ਾਦ ਨਾਮ ਹੇਠ ਲੰਡਨ ਵਿੱਚ ਕੈਕਸਟਨ ਹਾਲ ਵਿਖੇ ਸ਼ਰੇਆਮ ਗੋਲੀਆਂ ਚਲਾ ਕੇ ਬਦਲਾ ਲਿਆ ਅਤੇ ਅੰਗਰੇਜ਼ੀ ਸਾਮਰਾਜ ਨੂੰ ਵਖਤ ਪਾ ਦਿੱਤਾ।

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਸਮੂਹ ਜਨਤਕ ਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਅੰਗਰੇਜ਼ ਸਾਮਰਾਜ ਦੇ ਬਸਤੀਵਾਦੀ ਨੀਤੀਆਂ ਤੇ ਚਲਦਿਆਂ ਭਾਰਤੀ ਹਾਕਮਾਂ ਵੱਲੋਂ ਨਿੱਤ ਨਵੇਂ ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੀ ਅੰਨੀ ਸੇਵਾ ਕਰਨ ਲਈ ਲੈਂਡ ਪੁਲਿੰਗ ਨੀਤੀ ਲਾਗੂ ਕਰਨਾ, ਤਿੰਨ ਕਿਰਤ ਕਾਨੂੰਨਾਂ ਨੂੰ ਲਾਗੂ ਕਰਨਾ, ਬੁਲਡੋਜ਼ਰਾਂ ਨਾਲ ਲੋਕਾਂ ਦੇ ਘਰਾਂ ਨੂੰ ਢਾਹੁਣਾ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨ ਵਰਗ ਦਾ ਘਾਣ ਕਰਨਾ ਉਨ੍ਹਾਂ ਨੀਤੀਆਂ ਦੀ ਲਗਾਤਾਰਤਾ ਹੈ ਜੋ ਕਿ ਅੰਗਰੇਜ਼ ਸਾਮਰਾਜ ਛੱਡ ਕੇ ਗਿਆ ਸੀ।

ਇਸ ਮੌਕੇ ਜੋਗਿੰਦਰ ਪਾਲ ਘੁਰਾਲਾ, ਸੁਰਿੰਦਰ ਪਾਲ, ਰਕੇਸ਼ ਕੁਮਾਰ, ਸਰਜੀਤ ਮਸੀਹ, ਮਨੋਜ਼ ਕੁਮਾਰ, ਵਿਲੀਅਮ ਮਸੀਹ ਅਤੇ ਤਰਸੇਮ ਮਸੀਹ ਹਾਜ਼ਰ ਸਨ।

ਫੋਟੋ ਕੈਪਸ਼ਨ: ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਸਮਾਰੋਹ ਸਬੰਧੀ ਪ੍ਰੋਗਰਾਮ ਉਲੀਕਦੇ ਹੋਏ। ਫੋਟੋ: ਬੈਂਸ


Share & like

Leave a Reply