ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪ ਕੇ ਮੰਗਾਂ ਤੋਂ ਜਾਣੂ ਕਰਵਾਇਆ
ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 28 ਜੁਲਾਈ
ਲੈਂਡ ਪੂਲਿੰਗ ਨੀਤੀ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਹੋਰਨਾਂ ਹੱਕੀ ਮੰਗਾਂ ਨੂੰ ਲੈਣ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇੱਕਠ ਕੀਤਾ ਗਿਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਹਰਵਿੰਦਰ ਸਿੰਘ ਮੁਸਾਣੀਆ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਵੱਲੋਂ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ-ਪੱਤਰ ਵੀ ਦਿੱਤਾ ਗਿਆ। ਇੱਕਠ ਦੌਰਾਨ ਹਰੇਕ ਵਰਗ ਨਾਲ ਸਬੰਧਤ ਲੋਕਾਂ ਨੂੰ 20 ਅਗਸਤ ਨੂੰ ਜਲੰਧਰ ਵਿੱਚ ਹੋ ਰਹੀ ਕਿਸਾਨ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਜਥੇਬੰਦੀਆਂ ਨੇ ਮੁੱਢ ਤੋਂ ਰੱਦ ਕਰ ਦਿੱਤਾ ਹੈ

ਫੋਟੋ ਕੈਪਸ਼ਨ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੁਮਾਇੰਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਬੈਂਸ
ਜ਼ਿਲ੍ਹਾ ਪ੍ਰੱਸੈ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਦੱਸਿਆ ਕਿ ਸਰਕਾਰ ਕਾਰਪੋਰੇਟ ਦੇ ਇਸ਼ਾਰੇ ‘ਤੇ ਪੰਜਾਬ ਦੀਆਂ ਬਹੁਫ਼ਸਲੀ ਉਪਜਾਊ ਜ਼ਮੀਨ ਨੂੰ ਲੈਂਡ ਪੂਲਿੰਗ ਨੀਤੀ ਤਹਿਤ ਦੱਬ ਕੇ ਅਰਬਨ ਸਟੇਟ ਬਣਾਉਣ ਦੇ ਨਾਂਅ ‘ਤੇ ਲੁੱਟਣ ਲਈ ਉਤਾਵਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੀ 65555 ਏਕੜ ਉਪਜਾਊ ਜ਼ਮੀਨ ਨੂੰ ਦੱਬਣ ਜਾ ਰਹੀ ਹੈ। ਇਸ ਨੀਤੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਮੁੱਢੋਂ ਰੱਦ ਕੀਤਾ ਗਿਆ ਹੈ।
ਆਗੂਆਂ ਦੱਸਿਆ ਕਿ ਲੈਂਡ ਪੂਲਿੰਗ ਨੀਤੀ ਤੋਂ ਇਲਾਵਾ ਬਿਜਲੀ ਦੇ ਨਿੱਜੀਕਰਨ ਅਤੇ ਇਸੇ ਤਹਿਤ ਲਗਾਏ ਜਾ ਰਹੇ ਪ੍ਰੀਪੇਡ ਮੀਟਰਾਂ ਦੀ ਨੀਤੀ ਰੱਦ ਕਰਵਾਉਣਾ ਅਤੇ ਅਮਰੀਕਾ ਅਤੇ ਭਾਰਤ ਦਰਮਿਆਨ ਹੋਣ ਜਾ ਰਹੇ ਕਰ ਮੁਕਤ ਸਮਝੌਤਿਆਂ ਨੂੰ ਲਾਗੂ ਹੋਣ ਤੋਂ ਰੋਕਣਾ, ਪੰਜਾਬ ਵਿੱਚ ਪੁਲੀਸ ਜ਼ਬਰ ਰੁਕਵਾਉਣਾ, ਕਿਸਾਨ ਅੰਦੋਲਨਾਂ ਦੌਰਾਨ ਦਰਜ਼ ਪਰਚੇ ਰੱਦ ਕਰਵਾਉਣਾ ਆਦਿ ਮੰਗਾਂ ਦੇ ਸਬੰਧ ਵਿੱਚ ਮੰਗ-ਪੱਤਰ ਦਿੱਤਾ ਹੈ।
ਬੁਲਾਰਿਆਂ ਕਿਹਾ ਕਿ ਸਰਕਾਰ ਆਮ ਲੋਕਾਂ ਨਾਲ ਧਰੋਹ ਕਮਾ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਨਵੀਂ ਤੋਂ ਨਵੀਂ ਨੀਤੀ ਲੈ ਕੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਅਤੇ ਬਿਜਲੀ ਸੋਧ ਬਿਲ ਆਦਿ ਨੀਤੀਆਂ ਨਾਲ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਚਾਉਣਾ ਹੀ ਹੈ।
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕਿਸੇ ਸੂਰਤ ਵਿੱਚ ਕਿਸਾਨਾਂ ਦੀਆਂ ਜਮੀਨਾਂ ‘ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਨਾ ਹੀ ਪਿੰਡਾਂ ਵਿੱਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਵੈਰੋਨੰਗਲ, ਗੁਰਪ੍ਰੀਤ ਸਿੰਘ ਖ਼ਾਨਪੁਰ, ਹਰਚਰਨ ਸਿੰਘ, ਸਤਨਾਮ ਸਿੰਘ ਜੋਨ ਬੁਰਜ਼ ਸਾਹਿਬ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਨੀਲ ਕਲਾ, ਕੁਲਜੀਤ ਸਿੰਘ ਹਯਾਤ ਨਗਰ, ਜਤਿੰਦਰ ਸਿੰਘ ਚੀਮਾ,ਸੁਖਜਿੰਦਰ ਸਿੰਘ ਗੋਤ, ਮਾਸਟਰ ਗੁਰਜੀਤ ਸਿੰਘ, ਬਾਬਾ ਸੁਖਦੇਵ ਸਿੰਘ, ਗੁਰਮੁਖ ਸਿੰਘ ਖਾਨਮਲੱਕ,ਜੋਗਾ ਸਿੰਘ, ਡਾਕਟਰ ਹਰਦੀਪ ਸਿੰਘ,ਸਤਨਾਮ ਸਿੰਘ ਖਜਾਨਚੀ, ਰਣਜੀਤ ਸਿੰਘ ਚੰਦਰਭਾਨ, ਕਰਨੈਲ ਸਿੰਘ ਆਦੀ, ਸੁਖਜਿੰਦਰ ਸਿੰਘ ਬਾਜਵਾ, ਬੀਬੀ ਮਨਜਿੰਦਰ ਕੌਰ, ਬੀਬੀ ਰਮਨਦੀਪ ਕੌਰ, ਹਰਜੀਤ ਕੌਰ ਆਦਿ ਆਗੂ ਹਾਜ਼ਰ ਸਨ।

ਫੋਟੋ ਕੈਪਸ਼ਨ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਫਦ ਮੰਗ ਪੱਤਰ ਸੌਂਪਦੇ ਹੋਏ। ਫੋਟੋ: ਬੈਂਸ










