ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਿਲ ਚੁੱਕਿਆ ਮਾਣ-ਸਨਮਾਨ
ਜ਼ਮੀਨ ਵਿਚ ਜੈਵਿਕ ਮਾਦਾ ਵਧਣ ਨਾਲ ਫ਼ਸਲਾਂ ਦੀ ਪੈਦਾਵਾਰ ਵਿੱਚ ਵੀ ਹੋਇਆ ਵਾਧਾ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 27 ਜੁਲਾਈ
ਸਾਲ 2025-26 ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ‘ਤੇ ਲਿਆਉਣ ਦੇ ਮਿੱਥੇ ਟੀਚੇ ਨੂੰ ਹਾਸਲ ਕਰਨ ਵੱਡੇ ਪੱਧਰ ‘ਤੇ ਉਪਰਾਲੇ ਵਿੱਢੇ ਗਏ ਹਨ।
ਇਸ ਦੇ ਨਾਲ ਹੀ ਬਹੁਤ ਸਾਰੇ ਕਿਸਾਨਾਂ ਦੇ ਅਜਿਹੇ ਨੇਕ ਉਪਰਾਲਿਆਂ ਸਦਕਾ ਪਰਾਲੀ ਨੂੰ ਖੇਤਾਂ ਵਿਚ ਸੰਭਾਲਣ ਦੀ ਕਿਸਾਨਾਂ ਅੰਦਰ ਰੁਚੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਅਜਿਹਾ ਹੀ ਇੱਕ ਅਗਾਂਹਵਧੂ ਕਿਸਾਨ ਗੁਰਦਾਸਪੁਰ ਦੇ ਪਿੰਡ ਸਹਾਰੀ ਵਿਖੇ ਰਹਿਣ ਵਾਲਾ ਪਲਵਿੰਦਰ ਸਿੰਘ ਹੈ, ਜੋ ਪਿਛਲੇ ਕਰੀਬ 10 ਸਾਲਾਂ ਤੋਂ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਹੈਪੀ ਸੀਡਰ ਅਤੇ ਸਰਫ਼ੇਸ ਸੀਡਰ ਵਰਗੇ ਆਧੁਨਿਕ ਯੰਤਰਾਂ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ।
ਉਕਤ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਚ ਸੰਦ ਬੈਂਕ ਵਿਚ ਮੌਜੂਦ ਮਸ਼ੀਨਰੀ ਦੀ ਸੁਚੱਜੀ ਵਰਤੋਂ ਕਰਕੇ ਹੋਰਨਾਂ ਕਿਸਾਨਾਂ ਦੀ ਕਣਕ ਦੀ ਬਿਜਾਈ ਵੀ ਕੀਤੀ ਜਾ ਰਹੀ ਹੈ। ਪਲਵਿੰਦਰ ਸਿੰਘ ਯੰਗ ਇੰਨੋਵੇਟਿਵ ਕਿਸਾਨ ਸਮੂਹ ‘ਚ ਖਜ਼ਾਨਚੀ ਵੱਜੋਂ ਵੀ ਸੇਵਾਵਾਂ ਦੇ ਰਿਹਾ ਹੈ। ਇਸ ਸਮੂਹ ਦੇ ਮੈਂਬਰ ਅਗਾਂਹਵਧੂ ਸੋਚ ਦੇ ਧਾਰਨੀ ਹਨ ਜੋ ਆਪੋ ਆਪਣੇ ਇਲਾਕੇ ਅੰਦਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਦੇ ਹਨ।
ਪਲਵਿੰਦਰ ਸਿੰਘ ਨੇ ਜ਼ਿਲ੍ਹਾ ਗੁਰਦਾਸਪੁਰ ਵਿਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ‘ਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਪਲਵਿੰਦਰ ਸਿੰਘ 2012 ਤੋਂ ਸਿੱਧੀ ਬਿਜਾਈ ਵਾਲੀ ਡਰਿੱਲ ਖਰੀਦ ਕੇ ਆਪਣੀ ਹੀ ਨਹੀਂ ਸਗੋਂ ਦੂਰ ਦੁਰਾਡੇ ਪਿੰਡਾਂ ਤੱਕ ਪਹੁੰਚ ਕਰਕੇ ਕਿਸਾਨਾਂ ਨੁੰ ਸਿੱਧੀ ਬਿਜਾਈ ਲਈ ਪ੍ਰੇਰਿਤ ਕਰ ਰਿਹਾ ਹੈ। ਜਿਸ ਨਾਲ ਵਾਤਾਵਰਨ ਵਿਚ ਵਿਸਰਜ਼ਤ ਹੋਣ ਵਾਲੀ ਮੀਥੇਨ ਗੈਸ ਘੱਟ ਕਰਨ ਵਿੱਚ ਮਦਦ ਕਰ ਰਿਹਾ ਹੈ। ਪਲਵਿੰਦਰ ਸਿੰਘ ਦੂਸਰੇ ਕਿਸਾਨਾਂ ਲਈ ਇੱਕ ਮਿਸਾਲ ਬਣ ਕੇ ਚਾਨਣ ਮੁਨਾਰੇ ਵਜੋਂ ਸਮਾਜ ‘ਚ ਵਿਚਰ ਰਿਹਾ ਹੈ।
ਪਲਵਿੰਦਰ ਸਿੰਘ ਵਲੋਂ ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ ਵਿਚ ਪਾਏ ਜਾ ਵੱਡਮੁੱਲਾ ਯੋਗਦਾਨ ਨੂੰ ਵੇਖਦਿਆਂ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਮੇਂ-ਸਮੇਂ ‘ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਪਲਵਿੰਦਰ ਸਿੰਘ ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2017-18 ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕੋਲੋਂ ਉਸਨੇ ਸਬਸਿਡੀ ‘ਤੇ ਖੇਤੀ ਮਸ਼ੀਨਰੀ ਲੈ ਕੇ ਖੇਤੀ ਮਸ਼ੀਨਰੀ ਬੈਂਕ ਸਥਾਪਤ ਕੀਤਾ ਸੀ। ਉਸ ਦੇ ਖੇਤੀ ਮਸ਼ੀਨਰੀ ਬੈਂਕ ਵਿੱਚ ਹੈਪੀ ਸੀਡਰ, ਮਲਚਰ, ਬੀਜ਼ ਡਰਿੱਲ, ਉਲਟਾਵਾਂ ਹੱਲ ਅਤੇ ਕੁਝ ਸੰਦ ਉਪਲਬਧ ਹਨ। ਉਸਨੇ ਪਹਿਲੇ ਸਾਲ ਵਿੱਚ ਕੁਝ ਰਕਬੇ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਤਜ਼ਰਬਾ ਕੀਤਾ ਸੀ ਜੋ ਸਫ਼ਲ ਰਿਹਾ। ਹਾਲਾਂਕਿ ਸ਼ੁਰੂ ਵਿੱਚ ਪਿੰਡ ਦੇ ਆਮ ਕਿਸਾਨਾਂ ਵੱਲੋਂ ਉਸ ਨੂੰ ਨਿਰਉਤਸਾਹਿਤ ਵੀ ਕੀਤਾ ਗਿਆ, ਪਰ
ਸਮਾਂ ਬੀਤਣ ਦੇ ਨਾਲ ਉਹ ਵੀ ਹੈਪੀ ਸੀਡਰ ਦੀ ਮਹੱਤਤਾ ਨੂੰ ਸਮਝ ਗਏ।
ਪਲਵਿੰਦਰ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕੰਬਾਈਨ ਹਾਸਵੈਸਟਰ ਨਾਲ ਝੋਨੇ ਦੀ ਕਟਾਈ ਕਰਾਉਣ ਉਪਰੰਤ ਰੀਪਰ ਨਾਲ ਪਰਾਲੀ ਖੇਤ ਵਿਚ ਇਕਸਾਰ ਖਿਲਾਰ ਦਿੱਤੀ ਜਾਂਦੀ ਹੈ ਅਤੇ ਹੈਪੀ ਸੀਡਰ ਨਾਲ 40 ਕਿਲੋ ਕਣਕ ਦਾ ਬੀਜ ਵਰਤ ਕੇ ਬਿਜਾਈ ਕਰ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਫ਼ਸਲ ਦੇ ਸ਼ੁਰੂਆਤੀ ਵਾਧੇ ਸਮੇਂ ਖੇਤ ਵਿਚ ਫ਼ਸਲ ਦੇ ਮੁੱਢ ਅਤੇ ਕਰਚੇ ਹੋਣ ਕਾਰਨ ਫ਼ਸਲ ਵਧੀਆ ਨਹੀਂ ਲਗਦੀ। ਪ੍ਰੰਤੂ ਪਹਿਲੇ ਪਾਣੀ ਤੋਂ ਬਾਅਦ ਮੁੱਢ ਅਤੇ ਕਰਚੇ ਹੌਲੀ-ਹੌਲੀ ਗਲ ਕੇ ਖੇਤ ਵਿਚ ਖ਼ਤਮ ਹੋ ਜਾਂਦੇ ਹਨ ਅਤੇ ਫ਼ਸਲ ਬਹੁਤ ਵਧੀਆ ਦਿਸਣ ਲੱਗ ਜਾਂਦੀ ਹੈ। ਉਨਾਂ ਦੱਸਿਆ ਕਿ ਉਸ ਦੇ ਖੇਤਾਂ ਵਿਚ ਗੁਲਾਬੀ ਸੁੰਡੀ ਦੀ ਕਦੇ ਸਮੱਸਿਆ ਨਹੀਂ ਆਈ ਹੈ। ਉਸਨੇ ਦੱਸਿਆ ਕਿ ਹਮੇਸ਼ਾ ਬੀਜ ਦੀ ਕੀਟ ਨਾਸ਼ਕ ਨਾਲ ਸੋਧ ਕਰਕੇ ਬੀਜਦਾ ਹੈ। ਉਨਾਂ ਦੱਸਿਆ ਕਿ ਹਰ ਸਾਲ ਕਣਕ ਦੀ ਪੈਦਾਵਾਰ 21 ਤੋਂ 24 ਕੁਇੰਟਲ ਪ੍ਰਤੀ ਏਕੜ ਮਿਲ ਜਾਂਦੀ ਹੈ ਅਤੇ ਬਿਜਾਈ ਤੇ ਖਰਚਾ ਘੱਟ ਹੋਣ ਕਾਰਨ ਸ਼ੁੱਧ ਆਮਦਨ ਵਿੱਚ ਵਾਧਾ ਹੋਇਆ ਹੈ।
ਉਨਾਂ ਦੱਸਿਆ ਕਿ ਝੋਨੇ ਦੀ ਪਰਾਲੀ ਖੇਤਾਂ ਵਿੱਚ ਰੱਖ ਕੇ ਕਣਕ ਦੀ ਬਿਜਾਈ ਕਰਨ ਨਾਲ ਮਿੱਟੀ ਦੀ ਸਿਹਤ ਵਿੱਚ ਚੋਖਾ ਸੁਧਾਰ ਹੋਇਆ ਹੈ। ਮਿੱਟੀ ਪਰਖ ਕਰਵਾਉਣ ਤੇ ਪਤਾ ਲੱਗਾ ਕਿ ਖੇਤਾਂ ਦੀ ਮਿੱਟੀ ਦਾ ਜੈਵਿਕ ਮਾਦਾ ਵਧਣ ਦੇ ਨਾਲ ਨਾਲ ਫਾਸਫੋਰਸ ਤੱਤ ਵੀ ਵਧਿਆ ਹੈ। ਉਨ੍ਹਾਂ ਦਸਿਆ ਕਿ ਜੈਵਿਕ ਮਾਦਾ ਅਤੇ ਫਾਸਫੋਰਸ ਖੁਰਾਕੀ ਤੱਤ ਵਧਣ ਨਾਲ ਖਾਦਾਂ ਦੀ ਖ਼ਪਤ ਬਹੁਤ ਘਟ ਗਈ ਹੈ ਅਤੇ ਝੋਨੇ ਦੀ ਫ਼ਸਲ ਨੂੰ ਡੇਢ ਬੋਰੀ ਯੂਰੀਆ ਪ੍ਰਤੀ ਏਕੜ ਵਰਤੀ ਹੈ ਅਤੇ ਡੀਏਪੀ ਖਾਦ ਦੀ ਵਰਤੋਂ ਨਹੀਂ ਕੀਤੀ ਗਈ। ਇਸ ਤਰਾਂ ਵਾਤਾਵਰਨ ਸ਼ੁੱਧ ਹੋਣ ਦੇ ਨਾਲ ਨਾਲ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਹੋਇਆ ਹੈ।
ਪਲਵਿੰਦਰ ਦਸਦਾ ਹੈ ਕਿ ਝੋਨੇ ਦੀ ਪਰਾਲੀ ਕਿਸਾਨਾਂ ਲਈ ਬੋਝ ਨਹੀਂ ਸਗੋਂ ਕੁਦਰਤੀ ਖੁਰਾਕੀ ਤੱਤਾਂ ਨਾਲ ਭਰਪੂਰ ਖਜ਼ਾਨਾ ਹੈ, ਜਿਸ ਦੀ ਹਰੇਕ ਕਿਸਾਨ ਨੁੰ ਸੰਭਾਲ ਕਰਨੀ ਚਾਹੀਦੀ ਹੈ ਅਤੇ ਪਰਾਲੀ ਨੁੰ ਅੱਗ ਨਹੀਂ ਲਗਾਉਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੀਏਯੂ ਦੇ ਖੇਤੀ ਮਾਹਿਰਾਂ ਨਾਲ ਲਗਾਤਾਰ ਸੰਪਰਕ ਵਿਚ ਰਹਿ ਕੇ ਉਨਾਂ ਦੀ ਸਲਾਹ ਅਨੁਸਾਰ ਹੀ ਫ਼ਸਲਾਂ ਦੀ ਸੰਭਾਲ ਕਰਦਾ ਹੈ।
ਉਸਨੇ ਕਿਹਾ ਕਿ ਮਾਣ ਮਹਿਸੂਸ ਕਰਦਾ ਹੈ ਕਿ ਉਹ ਕੁਦਰਤੀ ਸਾਧਨਾਂ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਉਣ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰ ਸਿੰਘ ਨੇ ਪਲਵਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਸੇਧ ਲੈਣ ਕੇ ਢੰਗ ਤਰੀਕੇ ਅਪਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਲਵਿੰਦਰ ਸਿੰਘ ਵਾਤਾਵਰਨ ਨੁੰ ਸ਼ੁੱਧ ਰੱਖਣ ਵਿਚ ਬਣਦਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਪ੍ਰਸੰਸਾ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਮਾਣ ਪੱਤਰ ਪ੍ਰਾਪਤ ਕਿਸਾਨਾਂ ਦੇ ਸਰਕਾਰੀ ਦਫ਼ਤਰਾਂ ਵਿਚ ਕੰਮ ਪਹਿਲ ਦੇ ਅਧਾਰ `ਤੇ ਕੀਤੇ ਜਾਣਗੇ।

ਫੋਟੋ ਕੈਪਸ਼ਨ: ਅਗਾਂਹਵੱਧੂ ਕਿਸਾਨ ਪਲਵਿੰਦਰ ਸਿੰਘ ਆਪਣੀ ਫ਼ਸਲ ਦਾ ਨਿਰੀਖਣ ਕਰਦੇ ਹੋਏ। ਫੋਟੋ: ਬੈਂਸ










