Share & like

6 ਸ਼ਰਧਾਲੂਆਂ ਦੀ ਮੌਤ ਅਤੇ ਪੰਜ ਲਾਪਤਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਮੰਡੀ ਅਹਿਮਦਗੜ੍ਹ, 28 ਜੁਲਾਈ
ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦਾ ਟੈਂਪੂ ਇਲਾਕੇ ਅੰਦਰ ਪੈਂਦੇ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਜਾ ਡਿੱਗਾ। ਟੈਂਪੂ ਡਿੱਗਣ ਨਾਲ ਹੁਣ ਤੱਕ 6 ਸ਼ਰਧਾਲੂਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਕਈ ਸ਼ਰਧਾਲੂ ਅਜੇ ਲਾਪਤਾ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਮਾਣਕਵਾਲ ਨਾਲ ਸਬੰਧਤ ਸਨ। ਹਾਦਸਾ ਵਾਪਰਨ ਕਾਰਨ ਪਿੰਡ ‘ਚ ਸੋਗ ਦੀ ਲਹਿਰ ਹੈ।

ਮ੍ਰਿਤਕਾਂ ਦੀ ਪਛਾਣ ਮਨਜੀਤ ਕੌਰ (58), ਜਰਨੈਲ ਸਿੰਘ (55), ਅਕਾਸ਼ਦੀਪ ਸਿੰਘ (8) ਤੇ ਸੁਖਮਨ ਕੌਰ (ਡੇਢ ਸਾਲ) ਵਜੋਂ ਹੋਈ ਹੈ। ਦਲਿਤ ਪਰਿਵਾਰਾਂ ਨਾਲ ਸਬੰਧਤ ਇਹ ਵਿਅਕਤੀ ਛੋਟਾ ਹਾਥੀ ਟੈਂਪੂ (ਪੀਬੀ 5ਏ ਐਨ 5072) ਰਾਹੀਂ ਨੈਣਾ ਦੇਵੀ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਟੈਂਪੂ ਬੀਤੀ ਰਾਤ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਡਿੱਗ ਗਿਆ। ਜਿਸ ਕਾਰਨ ਲਗਭਗ ਦਸ ਵਿਅਕਤੀਆਂ ਦੇ ਡੁੱਬਣ ਦਾ ਖਦਸ਼ਾ ਹੈ।
ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਅਤੇ ਐੱਸਐੱਸਪੀ ਖੰਨਾ ਡਾ. ਜਯੋਤੀ ਯਾਦਵ ਦੀ ਅਗਵਾਈ ਹੇਠ ਚੱਲੇ ਰਾਹਤ ਤੇ ਬਚਾਅ ਕਾਰਜਾਂ ਦੌਰਾਨ 20 ਸਵਾਰਾਂ ਨੂੰ ਬਚਾਉਣ ਦਾ ਦਾਅਵਾ ਕੀਤਾ ਗਿਆ ਸੀ, ਪਰ ਬਾਅਦ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਸਿਵਲ ਹਸਪਤਾਲ ਡੇਹਲੋਂ ਦੇ ਡਾਕਟਰਾਂ ਨੇ ਬਚਾਏ ਗਏ ਘੱਟੋ-ਘੱਟ ਚਾਰ ਪੀੜਤਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਮਾਣਕਵਾਲ ਪਿੰਡ ਵਾਸੀਆਂ ਦੱਸਿਆ ਕਿ ਇੱਕ ਛੋਟੀ ਕੁੜੀ ਤੋਂ ਇਲਾਵਾ ਪੰਜ ਹੋਰ ਵਿਅਕਤੀ ਅਜੇ ਲਾਪਤਾ ਹਨ। ਰਾਹਤ ਕਾਰਜਾਂ ਵਿੱਚ ਔਕੜਾਂ ਇਸ ਕਾਰਨ ਵੀ ਆ ਰਹੀਆਂ ਹਨ ਕਿ ਕਿਸੇ ਵੀ ਪਿੰਡ ਵਾਸੀ ਜਾਂ ਪੀੜਤ ਪਰਿਵਾਰ ਨੂੰ ਟੈਂਪੂ ਵਿੱਚ ਸਵਾਰ ਕੁੱਲ ਸਵਾਰੀਆਂ ਦੀ ਸਹੀ ਗਿਣਤੀ ਬਾਰੇ ਨਹੀਂ ਪਤਾ ਸੀ।


Share & like

Leave a Reply