Share & like

ਬਹਿਲ ਵੱਲੋਂ ਆਈਟੀਆਈ ਦੀਆਂ 17 ਸਿਖਿਆਰਥਣਾਂ ਨੂੰ ਜਾਬ ਆਫ਼ਰ ਲੈਟਰ ਵੰਡੇ ਗਏ, ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਵਿਖੇ 8 ਟਰੇਡਾਂ ਲਈ ਦਾਖਲਾ ਜਾਰੀ – ਪ੍ਰਿੰਸੀਪਲ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 25 ਜੁਲਾਈ
ਸਰਕਾਰੀ ਆਈਟੀਆਈ (ਇਸਤਰੀਆਂ) ਗੁਰਦਾਸਪੁਰ ਵਿਖੇ ਸਿਖਿਆਰਥਣਾਂ ਵੱਲੋਂ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਮੁੱਖ ਮਹਿਮਾਨ ਸਨ।

ਸਿਖਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਸ੍ਰੀ ਬਹਿਲ ਨੇ ਕਿਹਾ ਕਿ ਤੀਆਂ ਸਾਡੇ ਸੱਭਿਆਚਾਰ ਦਾ ਅਮੀਰ ਹਿੱਸਾ ਹੈ ਅਤੇ ਇਸ ਤਿਉਹਾਰ ਨੂੰ ਧੀਆਂ ਦੇ ਤਿਉਹਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਦੇ ਮੇਲੇ ਰੰਗਲੇ ਪੰਜਾਬ ਦੇ ਖ਼ੂਬਸੂਰਤ ਰੰਗ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਰੂਹ ਧੜਕਦੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਜਿੱਥੇ ਸੂਬੇ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਓਥੇ ਪੰਜਾਬ ਦੇ ਰਿਵਾਇਤੀ ਤਿਉਹਾਰਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਸ੍ਰੀ ਬਹਿਲ ਨੇ ਸਰਕਾਰੀ ਆਈਟੀਆਈ (ਇਸਤਰੀਆਂ) ਗੁਰਦਾਸਪੁਰ ਦੀਆਂ 17 ਲੜਕੀਆਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਚੋਣ ਹੋਣ ਉਪਰੰਤ ਜਾਬ ਆਫ਼ਰ ਲੈਟਰ ਵੀ ਤਕਸੀਮ ਕੀਤੇ। ਇਸ ਮੌਕੇ ਆਈਟੀਆਈ ਦੇ ਪ੍ਰਿੰਸੀਪਲ ਸ੍ਰੀ ਦਵਿੰਦਰ ਰਾਣਾ ਅਤੇ ਸਮੂਹ ਸਟਾਫ਼ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ
ਆਈਟੀਆਈ ਕੰਪਲੈਕਸ ਵਿੱਚ ਪੌਦੇ ਲਗਾ ਕੇ ਵਾਤਾਵਰਨ ਨੂੰ ਹਰਾ-ਭਰਾ ਰੱਖਣ ਦਾ ਸੁਨੇਹਾ ਵੀ ਦਿੱਤਾ।
ਆਈਟੀਆਈ ਦੇ ਪ੍ਰਿੰਸੀਪਲ ਸ੍ਰੀ ਦਵਿੰਦਰ ਰਾਣਾ ਨੇ ਦੱਸਿਆ ਕਿ ਆਈਟੀਆਈ ਵਿੱਚ 8 ਵੱਖ-ਵੱਖ ਟਰੇਡਾਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੰਪਿਊਟਰ ਅਪਰੇਟਰ ਪ੍ਰੋਗਰਾਮਿੰਗ ਅਸਿਸਟੈਂਟ, ਕੰਪਿਊਟਰ ਹਾਰਡਵੇਅਰ, ਫ਼ੈਸ਼ਨ ਟੈਕਨੌਲੋਜੀ, ਕੋਸਮੈਟੋਲੀਜੀ, ਇਲੈੱਕਟ੍ਰਾਨਿਕ, ਡਰੈੱਸ ਮੇਕਿੰਗ ਸਿਲਾਈ ਅਤੇ ਕਢਾਈ ਦੀਆਂ ਟਰੇਡਾਂ ਵਿੱਚ 8ਵੀਂ ਅਤੇ 10ਵੀਂ ਪਾਸ ਵਿਦਿਆਰਥਣਾਂ ਦਾਖਲਾ ਲੈ ਸਕਦੀਆਂ ਹਨ ਅਤੇ ਦਾਖਲਾ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀ ਮੈਰਿਟ ਦੇ ਅਧਾਰ ’ਤੇ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਹੁਣ ਤੱਕ ਵੱਖ-ਵੱਖ ਟਰੇਡਾਂ ਦੇ ਦਾਖ਼ਲੇ ਲਈ ਦੋ ਕੌਂਸਲਿੰਗ ਹੋ ਚੁੱਕੀਆਂ ਹਨ ਅਤੇ ਅਗਲੇ ਮਹੀਨੇ ਤੱਕ ਦਾਖਲਾ ਜਾਰੀ ਰਹੇਗਾ। ਉਨ੍ਹਾਂ ਜ਼ਿਲ੍ਹੇ ਦੀਆਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਆਈਟੀਆਈ (ਇਸਤਰੀਆਂ) ਗੁਰਦਾਸਪੁਰ ਵਿਖੇ ਦਾਖ਼ਲਾ ਲੈ ਕੇ ਆਪਣੇ ਆਪ ਨੂੰ ਹੁਨਰਮੰਦ ਬਣਾਉਣ।


Share & like

Leave a Reply