ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 20 ਜੁਲਾਈ
ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਮ ‘ਚੋਂ ਨਹਿਰਾਂ ਆਦਿ ਦੇ ਕੰਮ ਨੂੰ ਬਾਹਰ ਕੱਢਣ ਖ਼ਿਲਾਫ਼ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਇਲਾਕੇ ਅੰਦਰ ਮੀਟਿੰਗਾਂ ਅਤੇ ਰੈਲੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਇਸੇ ਕੜੀ ਤਹਿਤ ਪਿੰਡ ਬੱਬੇਵਾਲੀ ਵਿਖੇ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਕਨਵੀਨਰ ਬਿਮਲ ਕੌਰ, ਆਗੂ ਰਾਜ ਕੁਮਾਰ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਨ ਵਿੱਚੋਂ ਨਹਿਰਾਂ ਆਦਿ ਤੇ ਕੰਮ ਨੂੰ ਸਾਜਿਸ਼ ਤਹਿਤ ਬਾਹਰ ਕੱਢਿਆ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਕਾਰਵਾਈ ਨੂੰ ਲੈ ਕੇ ਮਜ਼ਦੂਰਾਂ ਵਿੱਚ ਭਾਰੀ ਰੋਸ ਹੈ। ਆਗੂਆਂ ਕਿਹਾ ਕਿ 21 ਜੁਲਾਈ ਨੂੰ ਜ਼ਿਲ੍ਹਾ ਜੱਥੇਬੰਦਕ ਕਮੇਟੀ ਦੀ ਕੀਤੀ ਜਾ ਰਹੀ ਹੰਗਾਮੀ ਮੀਟਿੰਗ ਵਿੱਚ ਅਗਲਾ ਐਕਸ਼ਨ ਉਲੀਕਿਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਨੂੰ 100 ਦਿਨ ਦੇ ਰੁਜ਼ਗਾਰ ਦੀ 2005 ਵਿੱਚ ਗਰੰਟੀ ਮਿਲੀ ਸੀ, ਉਸ ਗਰੰਟੀ ਨੂੰ ਸਾਜਿਸ਼ ਤਹਿਤ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਜਿਸ਼ ਤਹਿਤ ਖੋਣ ਦੀ ਕੜੀ ਵਜੋਂ ਪਹਿਲਾਂ ਬਰਮਿਆ, ਸੜਕਾਂ ਆਦਿ ਦੀ ਸਫ਼ਾਈ ਦਾ ਕੰਮ ਮਗਨਰੇਗਾ ਚੋਂ ਬਾਹਰ ਕੱਢਿਆ ਗਿਆ ਸੀ ਅਤੇ ਹੁਣ ਮੌਜੂਦਾ ਸਮੇਂ ਨਹਿਰਾਂ, ਕੱਸੀਆਂ, ਖਾਲਾਂ, ਡਰੇਨਾਂ ਆਦਿ ਦੇ ਕੰਮਾਂ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਕਾਰਵਾਈ ਨੂੰ ਮਜ਼ਦੂਰ ਜਮਾਤ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ।











