ਪੁਲੀਸ ਮੁਲਜਮਾਂ ਦਾ ਸੁਰਾਗ ਲਾਉਣ ‘ਚ ਜੁਟੀ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 17 ਜੁਲਾਈ
ਅੱਜ ਵੀਰਵਾਰ ਸਵੇਰੇ ਦਿਨ ਦਿਹਾੜੇ ਗੁਰਦਾਸਪੁਰ ਸ਼ਹਿਰ ਦੇ ਮੁੱਖ ਬਾਜ਼ਾਰ ‘ਚ ਸਥਿਤ ਪੰਜਾਬ ਵਾਚ ਕੰਪਨੀ ਦੇ ਸ਼ੋਅਰੂਮ ‘ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ। ਫਾਇਰਿੰਗ ਕਰਨ ਮਗਰੋਂ ਮੋਟਰਸਾਈਕਲ ਮੌਕੇ ਤੋਂ ਫ਼ਰਾਰ ਹੋ ਗਏ। ਇਸ ਫਾਇਰਿੰਗ ਵਿੱਚ ਕੋਈ ਜਾਨੀ-ਮਾਲੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।ਘਟਨਾ ਤੋਂ ਬਾਅਦ ਦੁਕਾਨਦਾਰਾਂ ‘ਚ ਸਹਿਮ ਦਾ ਮਾਹੌਲ ਹੈ।
ਸੂਚਨਾ ਮਿਲਦੇ ਸਾਰ ਪੁਲੀਸ ਪਾਰਟੀ ਮੌਕੇ ‘ਤੇ ਪੁੱਜ ਗਈ ਅਤੇ ਜਾਂਚ ਵਿੱਚ ਜੁਟ ਗਈ। ਜ਼ਿਲ੍ਹਾ ਪੁਲੀਸ ਮੁੱਖੀ ਆਦਿਤਿਯ ਵੀ ਘਟਨਾ ਵਾਲੀ ਥਾਂ ‘ਤੇ ਪੁੱਜ ਗਏ ਸਨ। ਇਸ ਦੇ ਨਾਲ ਹੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵੀ ਮੌਕੇ ‘ਤੇ ਪੁੱਜ ਗਏ ਅਤੇ ਦੁਕਾਨਦਾਰਾਂ ਦਾ ਹਾਲ ਜਾਣਿਆ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਮਦਨ ਲਾਲ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਦੁਕਾਨ ‘ਤੇ ਆਇਆ ਸੀ। ਦੁਕਾਨ ਉੱਤੇ ਉਸਦਾ ਇੱਕ ਮੁਲਾਜ਼ਮ ਵੀ ਮੌਜੂਦ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਉਸਦੀ ਦੁਕਾਨ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਹਨੂੰਮਾਨ ਚੌਕ ਵੱਲ ਭੱਜ ਗਏ। ਉਨ੍ਹਾਂ ਦੱਸਿਆ ਕਿਹਾ ਕਿ ਘਟਨਾ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ।
ਪੁਲੀਸ ਅਧਿਕਾਰੀਆਂ ਨੇ ਦੁਕਾਨ ਮਾਲਕ ਦੇ ਬਿਆਨ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੌਕੇ ‘ਤੇ ਪਹੁੰਚੇ ਚੇਅਰਮੈਨ ਰਮਨ ਬਹਿਲ ਨੇ ਘਟਨਾ ਦੱਸਦਿਆ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਡੀਆਈਜੀ ਨਾਨਕ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸਮਾਜਿਕ ਤੱਤ ਨਹੀਂ ਚਾਹੁੰਦੇ ਕਿ ਮਾਹੌਲ ਠੀਕ ਰਹੇ ਪਰ ਪੰਜਾਬ ਸਰਕਾਰ ਅਸਮਾਜਿਕ ਤੱਤਾ ਤੇ ਨਕੇਲ ਕੱਸਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ।
ਘਟਨਾ ਵਾਲੀ ਥਾਂ ‘ਤੇ ਮੌਜੂਦ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਜ਼ਿਲ੍ਹਾ ਪੁਲੀਸ ਮੁੱਖੀ (ਗੁਰਦਾਸਪੁਰ) ਅਦਿਤਿਯ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ। ਉਨ੍ਹਾਂ ਆਮ ਲੋਕਾਂ ਨੂੰ ਕਿਹਾ ਕਿ ਕਿਸੇ ਨੂੰ ਡਰਨ ਦੀ ਲੌੜ ਨਹੀਂ ਹੈ। ਪੁਲੀਸ ਹਰ ਪੱਖ ਤੋਂ ਘਟਨਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਪੁਲੀਸ ਨੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।











