Share & like

ਪਿਛਲੇ 12 ਸਾਲਾਂ ਤੋ ਬਿਨ੍ਹਾਂ ਅੱਗ ਲਗਾਏ ਕਰ ਰਹੇ ਹਨ ਕਣਕ ਦੀ ਬਿਜਾਈ, ਡਿਪਟੀ ਕਮਿਸ਼ਨਰ ਵੱਲੋਂ ਪ੍ਰਸ਼ੰਸਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 17 ਜੁਲਾਈ
ਪਰਾਲੀ-ਨਾੜ ਨੂੰ ਬਿਨਾਂ ਅੱਗ ਲਾਇਆਂ ਖੇਤੀ ਕਰਕੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਗੋਕਾਵਾਂ ਦੇ ਦੋ ਕਿਸਾਨ ਭਰਾ ਸਰਬਜੀਤ ਸਿੰਘ ਤੇ ਰਣਜੀਤ ਸਿੰਘ ਹਵਾ ਦੇ
ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਅਜਿਹਾ ਉਹ ਪਿਛਲੇ ਕਰੀਬ 12 ਸਾਲਾਂ ਤੋਂ ਕਰਕੇ ਹੋਰਨਾਂ ਲਈ ਰਾਹ ਦਸੇਰਾ ਬਣੇ ਹੋਏ ਹਨ।

ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੋਵਾਂ ਕਿਸਾਨ ਭਰਾਵਾਂ ਦੇ ਇਸ ਕਾਰਜ਼ ਦੀ ਪ੍ਰਸ਼ੰਸਾ ਕਰਦਿਆਂ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕਰਨ ਦਾ ਆਖਿਆ ਹੈ। ਕਿਸਾਨ ਸਰਬਜੀਤ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਕਿਰਾਏ ‘ਤੇ ਖੇਤੀ ਮਸ਼ੀਨਰੀ ਸੁਪਰ ਸੀਡਰ ਲੈ ਕੇ ਕਣਕ ਦੀ ਸਫ਼ਲਤਾ ਨਾਲ ਬਿਜਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਭਰਾ ਸਾਂਝੇ ਤੌਰ ‘ਤੇ ਖੇਤੀ ਕਰਦੇ ਹਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤੀ ਮਾਹਿਰਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਗਾਏ ਜਾਂਦੇ ਸਿਖਲਾਈ ਕੈਂਪਾਂ ਵਿੱਚ ਵੀ ਸ਼ਾਮਿਲ ਹੁੰਦੇ ਹਨ। ਇਸ ਤੋਂ ਇਲਾਕਾ ਖੇਤੀ ਨਾਲ ਸਬੰਧਿਤ ਸਾਹਿਤ ਪੜ੍ਹ ਕੇ ਖੇਤੀ ਸਬੰਧੀ ਨਵੀਂ ਜਾਣਕਾਰੀ ਹਾਸਲ ਕਰਦੇ ਰਹਿੰਦੇ ਹਨ।

ਸਰਬਜੀਤ ਸਿੰਘ ਨੇ ਦੱਸਿਆ ਕਿ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਦੀ ਪ੍ਰੇਰਨਾ ਪਿਤਾ ਹਰਭਜਨ ਸਿੰਘ ਤੋਂ ਮਿਲੀ ਸੀ ਜਿਨ੍ਹਾਂ ਅਕਸਰ ਇਹੋ ਸੇਧ ਦਿੱਤੀ ਕਿ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਹੀ ਸੰਭਾਲਣ ਨਾਲ ਮਿੱਟੀ ਦੀ ਸਿਹਤ ਬਰਕਰਾਰ ਰਹਿੰਦੀ ਹੈ। ਜੇਕਰ ਮਿੱਟੀ ਦੀ ਸਿਹਤ ਚੰਗੀ ਹੈ ਤਾਂ ਵਧੇਰੇ ਪੈਦਾਵਾਰ ਦੇ ਨਾਲ-ਨਾਲ ਮਿਆਰੀ ਪੈਦਾਵਾਰ ਵੀ ਲੈ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਪਿਤਾ ਦੀ ਸਿੱਖਿਆ ਪੱਲੇ ਬਣ ਲਈ ਅਤੇ ਉਨ੍ਹਾਂ ਬਿਨਾਂ ਰਹਿੰਦ-ਖੂੰਹਦ ਨੂੰ ਅੱਗ ਲਾਏ ਖੇਤੀ ਕਰਕੇ ਮਿਸਾਲ ਕਾਇਮ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਕਣਕ ਦਾ ਨਾੜ ਖੇਤਾਂ ਵਿਚ ਸੰਭਾਲਣ ਨਾਲ ਖਾਦਾਂ ਦੀ ਖ਼ਪਤ ਘੱਟ ਰਹੀ ਹੈ ਅਤੇ ਕੀੜੇ ਮਕੌੜੇ ਘੱਟ ਲੱਗਣ ਕਾਰਨ ਖੇਤੀ ਲਾਗਤ ਖ਼ਰਚੇ ਵੀ ਘੱਟ ਹੋ ਰਹੇ ਹਨ ਅਤੇ ਮੁਨਾਫ਼ਾ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਅਤੇ ਕਣਕ ਨੂੰ 90 ਕਿੱਲੋ ਪ੍ਰਤੀ ਏਕੜ ਤੋਂ ਵੱਧ ਕਦੇ ਖਾਦ ਨਹੀਂ ਵਰਤੀ। ਉਨ੍ਹਾਂ ਦੱਸਿਆ ਕਿ ਸਿਰਫ਼ ਕਣਕ ਦੀ ਫ਼ਸਲ ਨੂੰ ਡੀ.ਏ.ਪੀ. ਖਾਦ ਪਾਈ ਦੀ ਹੈ ਅਤੇ ਝੋਨੇ ਦੀ ਫ਼ਸਲ ਨੂੰ ਡੀ.ਏ.ਪੀ ਖਾਦ ਨਹੀਂ ਪਾਉਂਦੇ ਹਨ।

ਰਣਜੀਤ ਸਿੰਘ ਨੇ ਦੱਸਿਆ ਕਿ ਸੁਪਰ ਸੀਡਰ ਮਹਿੰਗਾ ਹੋਣ ਕਾਰਨ ਕਿਰਾਏ ‘ਤੇ ਕਣਕ ਦੀ ਬਿਜਾਈ ਕਰ ਲਈ ਦੀ ਹੈ ਜਿਸ ਨਾਲ ਮਸ਼ੀਨਰੀ ਦੀ ਰੱਖ-ਰਖਾਅ ‘ਤੇ ਆਉਣ ਵਾਲਾ ਖ਼ਰਚਾ ਵੀ ਬਚ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 12 ਸਾਲ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਅਤੇ ਨਾਂ ਹੀ ਕਿਸੇ ਨੂੰ ਅੱਗ ਲਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲਾਈਨਾਂ ਵਿਚ ਪਈ ਪਰਾਲੀ ਨੂੰ ਰੀਪਰ ਨਾਲ ਜਾਂ ਆਪੇ ਬਣਾਏ ਜੁਗਾੜ ਨਾਲ ਖਲਾਰ ਲਈ ਜਾਂਦੀ ਹੈ, ਜਿਸ ਉਪਰੰਤ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਦੇ ਕਦੇ ਵੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤਾਂ ਵਿਚ ਰੱਖ ਕੇ ਕਣਕ ਦੀ ਬਿਜਾਈ ਕਰਨ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ।

ਦੋਵਾਂ ਭਰਾਵਾਂ ਨੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਗ਼ਲਤੀ ਨਾ ਕਰਨ ਅਤੇ ਇਸ ਨੂੰ ਖੇਤ ਵਿੱਚ ਹੀ ਗਾਲਣ ਤਾਂ ਜੋ ਖੇਤੀ ਦੇ ਖ਼ਰਚੇ ਘੱਟ ਕੀਤੇ ਜਾ ਸਕਣ। ਉਨ੍ਹਾਂ ਕਿਹਾ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਨ ਕਿ ਹੈ ਉਹ ਕੁਦਰਤੀ ਸਾਧਨਾਂ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਉਣ ਲਈ ਕੰਮ ਕਰ ਰਹੇ ਹਨ।

ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੋਵਾਂ ਕਿਸਾਨ ਭਰਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਕਿਸਾਨ ਹੋਰਨਾਂ ਕਿਸਾਨਾਂ ਲਈ ਰਾਹ ਦਸੇਰੇ ਵਜੋਂ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨਾਂ ਨੂੰ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਬਜੀਤ ਸਿੰਘ ਅਤੇ ਰਣਜੀਤ ਸਿੰਘ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ।


Share & like

Leave a Reply