ਗੁਰਦਾਸਪੁਰ, 10 ਜੁਲਾਈ (ਬੈਂਸ/ਰੋਜ਼ਾਨਾ ਖ਼ਬਰ) ਸਾਲ 2024-25 ਵਿੱਚ ਨੈਸ਼ਨਲ ਸਕੂਲ ਖੇਡਾਂ ਜੂਡੋ ਵਿੱਚ ਮੈਡਲ ਜਿੱਤਣ ਵਾਲੇ ਜੂਡੋ ਖਿਡਾਰੀਆਂ ਅਤੇ ਕੋਚਾਂ ਨੂੰ ਸ੍ਰੀ ਰਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਸਿਖਿਆ ਗੁਰਦਾਸਪੁਰ ਨੇ ਸਨਮਾਨਿਤ ਕੀਤਾ।
ਜ਼ਿਲ੍ਹਾ ਸਿੱਖਿਆ ਦਫ਼ਤਰ ਦੀ ਸਪੋਰਟਸ ਸ਼ਾਖਾ ਦੇ ਕੋਆਰਡੀਨੇਟਰ ਮੈਡਮ ਅਨੀਤਾ ਕੋਠੇ ਘੁਰਾਲਾ ਦੇ ਯਤਨਾਂ ਸਦਕਾ ਗੁਰਦਾਸਪੁਰ ਦੇ ਖਿਡਾਰੀਆਂ ਨੇ ਦੇਸ਼ ਪੱਧਰ ਤੇ ਨਾਂਮ ਚਮਕਾਇਆ ਹੈ। ਜਾਣਕਾਰੀ ਅਨੁਸਾਰ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ 11 ਖਿਡਾਰੀਆਂ ਨੇ ਜੰਮੂ, ਲੁਧਿਆਣਾ, ਰਾਏਗੜ੍ਹ, ਮਹਿਸਾਨਾ ਗੁਜਰਾਤ ਵਿਚ ਭਾਗ ਲੈ ਕੇ ਮੈਡਲ ਜਿੱਤੇ ਹਨ। ਖਿਡਾਰੀਆਂ ਨੇ ਅੰਡਰ 14, 17 ਅਤੇ ਅੰਡਰ 19 ਵਿਚ ਪੰਜਾਬ ਦੀਆਂ ਟਰਾਫੀਆਂ ਜਿੱਤ ਕੇ ਜ਼ਿਲੇ ਦੇ ਨਾਂਮ ਨੂੰ ਚਾਰ ਚੰਨ ਲਗਾਏ ਹਨ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਨੇ ਕਿਹਾ ਕਿ ਸਖ਼ਤ ਮਿਹਨਤ, ਲਗਾਤਾਰ ਕਸਰਤ ਕਰਨ ਅਤੇ ਅਨੁਸ਼ਾਸਨ, ਇਕਾਗਰਤਾ ਨਾਲ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ।

ਜ਼ਿਲ੍ਹਾ ਸਿੱਖਿਆ ਦਫ਼ਤਰ ਵਲੋਂ ਤੁਹਾਡੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕੀਤਾ ਜਾਂਦਾ ਹੈ। ਉਹਨਾਂ ਕੋਚ ਰਵੀ ਕੁਮਾਰ ਗੁਰਦਾਸਪੁਰ, ਅਤੁਲ ਕੁਮਾਰ, ਦਿਨੇਸ਼ ਕੁਮਾਰ ਬਟਾਲਾ ਦੇ ਖਿਡਾਰੀਆਂ ਨੂੰ ਤਰਾਸ਼ਣ ਅਤੇ ਬੁਲੰਦੀਆਂ ਤੇ ਪਹੁੰਚਾਉਣ ਦੀ ਪ੍ਰਸੰਸਾ ਕੀਤੀ। ਇਸ ਮੌਕੇ ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਸਹਿਯੋਗ ਨਾਲ ਰਾਣੀ ਲਕਸ਼ਮੀ ਬਾਈ ਜੂਡੋ ਟ੍ਰੇਨਿੰਗ ਸੈਂਟਰ ਲੜਕੀਆਂ ਅਤੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਲੜਕਿਆਂ ਦੇ ਸੈਂਟਰ ਵਿਚ 150 ਤੋਂ ਵਧੇਰੇ ਖਿਡਾਰੀ ਪ੍ਰੈਕਟਿਸ ਕਰ ਰਹੇ ਹਨ। ਪਿਛਲੇ ਸਾਲ ਖੇਡਾਂ ਵਤਨ ਪੰਜਾਬ ਦੀਆਂ, ਸਬ ਜੂਨੀਅਰ, ਜੂਨੀਅਰ, ਸੀਨੀਅਰ ਅਤੇ ਸਕੂਲਾਂ ਦੇ ਮੁਕਾਬਲਿਆਂ ਵਿੱਚ 123 ਦੇ ਲਗਭਗ ਮੈਡਲ ਜਿੱਤ ਕੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਮੌਕੇ ਸਨਮਾਨਿਤ ਹੋਣ ਵਾਲੇ ਖਿਡਾਰੀ ਹਰ ਪੁਨੀਤ ਕੌਰ, ਰਘੂ ਮਹਿਰਾ, ਹਰਮਨ ਪ੍ਰੀਤ ਸਿੰਘ, ਸੁਖਵਿੰਦਰ, ਰਿਹਾਨ, ਅਮਨਦੀਪ, ਪਿਊਸ਼, ਪਰਮ ਨੂਰ , ਮਾਨਿਕ ਅਤੇ ਅਕਸਜ ਅਗਰਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਸ਼ੀਰਵਾਦ ਸਦਕਾ ਇਸ ਸਾਲ ਵੀ ਨੈਸ਼ਨਲ ਪੱਧਰ ਤੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਫ਼ਤਰ ਸੁਪਰਡੈਂਟ, ਪ੍ਰਬੋਧ ਕੁਮਾਰ ਵੋਕੇਸ਼ਨਲ ਕੋਆਰਡੀਨੇਟਰ ਪ੍ਰਦੀਪ ਕੁਮਾਰ, ਰਜਵੰਤ ਕੌਰ, ਮੈਡਲ ਉਰਮਿਲਾ ਦੇਵੀ ਹਾਜ਼ਰ ਸਨ।











