Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 02 ਜੂਨ
ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਬਲਾਕ ਦੀਨਾਨਗਰ ਅਤੇ ਬਲਾਕ ਗੁਰਦਾਸਪੁਰ ਦੇ ਸਾਂਝੇ ਸਿਸ਼ਟਮੰਡਲ ਵੱਲੋਂ ਪੈਨਸ਼ਨਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਖਜਾਨਾ ਅਫ਼ਸਰ ਗੁਰਦਾਸਪੁਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ ਬਲਾਕ ਪ੍ਰਧਾਨ ਦੀਨਾਨਗਰ ਸ਼੍ਰੀ ਮੰਗਤ ਚੰਚਲ ਅਤੇ ਬਲਾਕ ਪ੍ਰਧਾਨ ਗੁਰਦਾਸਪੁਰ ਸ. ਅਵਿਨਾਸ਼ ਸਿੰਘ ਦੀ ਸਾਂਝੀ ਅਗਵਾਈ ਹੇਠ ਹੋਈ।
ਮੀਟਿੰਗ ਦੌਰਾਨ ਪੈਨਸ਼ਨਰਾਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ਉੱਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਖ਼ਾਸ ਤੌਰ ’ਤੇ ਦੀਨਾਨਗਰ ਬਲਾਕ ਦੇ ਪ੍ਰਾਇਮਰੀ ਸਕੂਲਾਂ ਵਿੱਚੋਂ ਜਨਵਰੀ 2016 ਤੋਂ ਬਾਅਦ ਸੇਵਾਮੁਕਤ ਹੋਏ ਕਰਮਚਾਰੀਆਂ ਦੇ ਲੀਵ-ਇਨ-ਕੈਸ਼ਮੈਂਟ ਦੇ ਬਕਾਇਆ ਬਿੱਲਾਂ ਦੇ ਲੰਬਿਤ ਰਹਿਣ ਦਾ ਮੁੱਦਾ ਉਠਾਇਆ ਗਿਆ।
ਇਸ ਸਬੰਧੀ ਜ਼ਿਲ੍ਹਾ ਖਜਾਨਾ ਅਫ਼ਸਰ ਸ਼੍ਰੀ ਜੋਗਿੰਦਰ ਪਾਲ ਸ਼ਰਮਾ ਅਤੇ ਸਬੰਧਤ ਡੀਲਿੰਗ ਅਧਿਕਾਰੀ ਨੇ ਦੱਸਿਆ ਕਿ ਬਲਾਕ ਸਿੱਖਿਆ ਦਫ਼ਤਰ ਦੀਨਾਨਗਰ ਵੱਲੋਂ ਭੇਜੇ ਗਏ ਬਿੱਲਾਂ ਵਿੱਚ ਕੁਝ ਤਕਨੀਕੀ ਘਾਟਾਂ ਪਾਈਆਂ ਗਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕੀ। ਉਨ੍ਹਾਂ ਇਹ ਖਾਮੀਆਂ ਸਿਸ਼ਟਮੰਡਲ ਦੇ ਧਿਆਨ ਵਿੱਚ ਵੀ ਲਿਆਂਦੀਆਂ ਅਤੇ ਮੌਕੇ ’ਤੇ ਹੀ ਬੀਪੀਈਓ ਦੀਨਾਨਗਰ ਨੂੰ ਦਫ਼ਤਰ ਬੁਲਾ ਕੇ ਮਾਮਲੇ ਦੇ ਜਲਦ ਨਿਪਟਾਰੇ ਲਈ ਲੋੜੀਂਦੀ ਕਾਰਵਾਈ ਕਰਨ ਦੀ ਹਦਾਇਤ ਦਿੱਤੀ।
ਸ਼੍ਰੀ ਜੋਗਿੰਦਰ ਪਾਲ ਸ਼ਰਮਾ ਨੇ ਭਰੋਸਾ ਦਿਵਾਇਆ ਕਿ ਖਜਾਨਾ ਦਫ਼ਤਰ ਵੱਲੋਂ ਸਾਰੇ ਬਿੱਲ ਅਤੇ ਭੁਗਤਾਨ 24 ਘੰਟਿਆਂ ਦੇ ਅੰਦਰ ਨਿਪਟਾਏ ਜਾਂਦੇ ਹਨ, ਬਸ਼ਰਤੇ ਉਨ੍ਹਾਂ ਵਿੱਚ ਕੋਈ ਕਮੀ ਜਾਂ ਤਕਨੀਕੀ ਖਾਮੀ ਨਾ ਹੋਵੇ।
ਮੀਟਿੰਗ ਦੌਰਾਨ ਮੈਡੀਕਲ ਕਲੇਮਾਂ ਦੇ ਭੁਗਤਾਨਾਂ ਸਬੰਧੀ ਵੀ ਗੱਲਬਾਤ ਹੋਈ। ਖਜਾਨਾ ਅਫ਼ਸਰ ਨੇ ਕਿਹਾ ਕਿ ਮੈਡੀਕਲ ਕਲੇਮ ਬਿੱਲਾਂ ਦੇ ਨਿਪਟਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਨਹੀਂ ਹੋਣ ਦਿੱਤੀ ਜਾਂਦੀ ਅਤੇ ਜੇਕਰ ਕਿਸੇ ਪੈਨਸ਼ਨਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧੇ ਤੌਰ ’ਤੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਖਜਾਨਾ ਦਫ਼ਤਰ ਵੱਲੋਂ ਸ਼੍ਰੀ ਜੋਗਿੰਦਰ ਪਾਲ ਸ਼ਰਮਾ, ਖਜਾਨਾ ਅਫ਼ਸਰ ਅਤੇ ਸ਼੍ਰੀ ਸਰਜੀਵਨ ਕੁਮਾਰ ਹਾਜ਼ਰ ਸਨ। ਸਿਸ਼ਟਮੰਡਲ ਵਿੱਚ ਸ. ਅਵਿਨਾਸ਼ ਸਿੰਘ, ਸ਼੍ਰੀ ਮੰਗਤ ਚੰਚਲ, ਸ਼੍ਰੀ ਵਿਨੋਦ ਸ਼ਰਮਾ, ਸ਼੍ਰੀ ਜੋਗਿੰਦਰ ਪਾਲ ਕਲੀਚਪੁਰ, ਸ. ਜਗਦੀਪ ਸਿੰਘ, ਸ਼੍ਰੀ ਪ੍ਰੇਮ ਨਾਥ, ਸ਼੍ਰੀ ਸੁਭਾਸ਼ ਚੰਦਰ ਅਤੇ ਸ. ਸੇਵਾ ਸਿੰਘ ਸਮੇਤ ਹੋਰ ਮੈਂਬਰ ਸ਼ਾਮਲ ਹੋਏ।

ਫੋਟੋ ਕੈਪਸ਼ਨ: ਪੈਨਸ਼ਨਰਾਂ ਦੀਆਂ ਸਮੱਸਿਆਵਾਂ ਸਬੰਧੀ ਜ਼ਿਲ੍ਹਾ ਖਜਾਨਾ ਅਫ਼ਸਰ ਗੁਰਦਾਸਪੁਰ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ।


Share & like

Leave a Reply