Share & like

ਡਾ. ਰਮਿੰਦਰ ਸਿੰਘ ਨੂੰ ਦਿੱਤਾ ਸਮਰਥਨ, ਪਰਚਾ ਵਾਪਸ ਨਾ ਲੈਣ ’ਤੇ ਹਾਈਵੇ ਜਾਮ ਅਤੇ ਐਸਐਸਪੀ ਦਫ਼ਤਰ ਘੇਰਨ ਦੀ ਚੇਤਾਵਨੀ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 22 ਮਈ
ਬਟਾਲਾ ਨੇੜਲੇ ਪਿੰਡ ਕਲੇਰ ਖੁਰਦ ਵਿੱਚ ਦਰਜ ਕੀਤੇ ਗਏ ਕਿਡਨੈਪਿੰਗ ਮਾਮਲੇ ਵਿੱਚ ਮਾਸਟਰ ਕਰਮ ਸਿੰਘ ਖ਼ਿਲਾਫ਼ ਪਰਚਾ ਦਰਜ ਹੋਣ ਤੋਂ ਬਾਅਦ ਹੁਣ ਪਿੰਡ ਭਾਮ ਦੇ ਡਾ. ਰਮਿੰਦਰ ਸਿੰਘ ਨੂੰ ਵੀ ਮਾਮਲੇ ਵਿੱਚ ਸ਼ਾਮਲ ਕਰਨ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ, ਮਜ਼ਦੂਰ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਭਾਰੀ ਇਕੱਠ ਕੀਤਾ ਗਿਆ। ਇਕੱਠ ਦੌਰਾਨ ਜਥੇਬੰਦੀਆਂ ਨੇ ਡਾ. ਰਮਿੰਦਰ ਸਿੰਘ ਖ਼ਿਲਾਫ਼ ਦਰਜ ਮਾਮਲੇ ਨੂੰ ਝੂਠਾ ਕਰਾਰ ਦਿੰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਤਿੱਖੀ ਚੇਤਾਵਨੀ ਦਿੱਤੀ।
ਜਾਣਕਾਰੀ ਮੁਤਾਬਕ ਮਾਸਟਰ ਕਰਮ ਸਿੰਘ ਵੱਲੋਂ ਮਾਮਲੇ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਉਹ ਇਸ ਵੇਲੇ ਜੇਲ੍ਹ ਵਿੱਚ ਬੰਦ ਹਨ। ਇਸ ਦੌਰਾਨ ਡਾ. ਰਮਿੰਦਰ ਸਿੰਘ ਵੱਲੋਂ ਆਪਣੇ ਸਾਲੇ ਕਰਮ ਸਿੰਘ ਦੀ ਫਸਲ ਦੀ ਕਟਾਈ ਕਰਵਾਈ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ। ਜਥੇਬੰਦੀਆਂ ਨੇ ਦੋਸ਼ ਲਗਾਇਆ ਕਿ ਕੁਝ ਲੋਕਾਂ ਦੀ ਮਿਲੀਭੁਗਤ ਅਤੇ ਸਿਆਸੀ ਸ਼ਹਿ ’ਤੇ ਡਾ. ਰਮਿੰਦਰ ਸਿੰਘ ਨੂੰ ਨਾਜਾਇਜ਼ ਤੌਰ ’ਤੇ ਫਸਾਇਆ ਗਿਆ ਹੈ।
ਪਿੰਡ ਭਾਮ ਵਿੱਚ ਹੋਏ ਇਸ ਇਕੱਠ ਵਿੱਚ ਕਰੀਬ 400 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਪੰਜਾਬ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗੁਰਦਾਸਪੁਰ, ਪੰਜਾਬ ਸਟੂਡੈਂਟਸ ਯੂਨੀਅਨ, ਨਿਹੰਗ ਸਿੰਘ ਜਥੇਬੰਦੀਆਂ ਸਮੇਤ ਕਈ ਸੰਸਥਾਵਾਂ ਨੇ ਡਾ. ਰਮਿੰਦਰ ਸਿੰਘ ਨੂੰ ਖੁੱਲ੍ਹਾ ਸਮਰਥਨ ਦਿੱਤਾ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਡਾ. ਰਮਿੰਦਰ ਸਿੰਘ ਖ਼ਿਲਾਫ਼ ਦਰਜ ਕੀਤਾ ਗਿਆ ਪਰਚਾ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਪੰਜਾਬ ਪੱਧਰ ’ਤੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਲੋੜ ਪੈਣ ’ਤੇ ਨੈਸ਼ਨਲ ਹਾਈਵੇ ਜਾਮ ਕਰਨ ਅਤੇ ਐਸਐਸਪੀ ਦਫ਼ਤਰ ਦਾ ਘਿਰਾਓ ਕਰਨ ਵਰਗੇ ਫੈਸਲੇ ਵੀ ਲਏ ਜਾਣਗੇ।
ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਸਬੰਧਤ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਸੱਚ ਦੇ ਨਾਲ ਖੜ੍ਹੀਆਂ ਹਨ ਅਤੇ ਹਰ ਪੱਧਰ ’ਤੇ ਲੜਾਈ ਲੜਨ ਲਈ ਤਿਆਰ ਹਨ।

ਇਸ ਮੌਕੇ ਸਤਬੀਰ ਸਿੰਘ ਸੂਲਤਾਨੀ, ਤਰਲੋਕ ਸਿੰਘ ਬਹਿਰਾਮਪੁਰ, ਮੇਜਰ ਸਿੰਘ, ਡਾ. ਅਮਰਜੀਤ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਮਾੜੀ ਪੰਨੂਵਾਂ, ਅਨੋਖ ਸਿੰਘ ਘੋੜੇਵਾਹ, ਅਮਰ ਕ੍ਰਾਂਤੀ, ਤਰਨਾ ਦਲ ਬਾਬਾ ਅਵਤਾਰ ਸਿੰਘ, ਦਵਿੰਦਰ ਸਿੰਘ, ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਗੁਰਨਾਮ ਸਿੰਘ ਰਿਆੜ, ਗੁਰਦਿਆਲ ਸਿੰਘ, ਹਰਭੇਜ ਸਿੰਘ ਸਰਪੰਚ, ਕਵਲਜੀਤ ਸਿੰਘ ਰਿਆੜ, ਦਲੇਰ ਸਿੰਘ, ਕਰਮ ਸਿੰਘ, ਕੁਲਵੰਤ ਸਿੰਘ, ਲਖਵਿੰਦਰ ਸਿੰਘ, ਗੁਰਬਖਸ਼ ਸਿੰਘ, ਹਰਪਿੰਦਰ ਸਿੰਘ, ਦਲਬਾਗ ਸਿੰਘ ਸਰਪੰਚ ਅਤੇ ਗੁਰਦਿਆਲ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਦੁਕਾਨਦਾਰ ਯੂਨੀਅਨ ਦੇ ਮੈਂਬਰ ਹਾਜ਼ਰ ਸਨ।


Share & like

Leave a Reply