Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 17 ਮਈ
ਗੌਰਮਿੰਟ ਟੀਚਰਜ਼ ਯੂਨੀਅਨ (ਜੀ.ਟੀ.ਯੂ.) ਪੰਜਾਬ ਵੱਲੋਂ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗੂਲ ਫੂਕ ਦਿੱਤਾ ਗਿਆ ਹੈ। ਜਥੇਬੰਦੀ ਨੇ ਐਲਾਨ ਕੀਤਾ ਹੈ ਕਿ 2 ਜੂਨ 2026, ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਵਿੱਦਿਆ ਭਵਨ, ਮੋਹਾਲੀ ਵਿਖੇ ਵਿਸ਼ਾਲ ਧਰਨਾ ਅਤੇ ਰੋਸ ਰੈਲੀ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂਆਂ ਦਿਲਦਾਰ ਭੰਡਾਲ, ਕੁਲਦੀਪ ਪੁਰੇਵਾਲ, ਅਨਿਲ ਕੁਮਾਰ, ਗੁਰਪ੍ਰੀਤ ਰੰਗੀਲਪੁਰ, ਕਪਿਲ ਸ਼ਰਮਾ, ਹਰਜੀਤ ਸਿੰਘ, ਗੁਰਮੀਤ ਬਾਜਵਾ, ਸੁਖਵਿੰਦਰ ਰੰਧਾਵਾ, ਦਵਿੰਦਰਜੀਤ ਸਿੰਘ, ਹਰਪ੍ਰੀਤ ਸਿੰਘ, ਅਮਨ ਜੋਤ ਪ੍ਰਕਾਸ਼ ਸਿੰਘ, ਬਲਵਿੰਦਰ ਕੁਮਾਰ, ਬਲਕਾਰ ਸਿੰਘ, ਸ਼ਬਾਸ਼ ਕੁਮਾਰ, ਨੂਤਨ, ਪਰਸੋਤਮ ਲਾਲ ਦੀਨਾ ਨਗਰ, ਅਜਿੱਤ ਸਿੰਘ, ਲਵਪ੍ਰੀਤ ਰੋੜਾਵਾਲੀ ਅਤੇ ਮਨਜੀਤ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ ਦੇ ਮਸਲਿਆਂ ਨੂੰ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਮੂਹ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਤਾਂ ਕਰ ਰਹੀ ਹੈ, ਪਰ ਅਧਿਆਪਕਾਂ ਦੀ ਕੋਈ ਵੀ ਲੰਬੇ ਸਮੇਂ ਤੋਂ ਲਟਕਦੀ ਮੰਗ ਪੂਰੀ ਨਹੀਂ ਕੀਤੀ ਗਈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਜਥੇਬੰਦੀ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ 18 ਫੀਸਦੀ ਮਹਿੰਗਾਈ ਭੱਤਾ (DA) ਸਮੇਤ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਅਧਿਆਪਕ ਵਿਰੋਧੀ ਕੇਂਦਰੀ ਸਕੇਲਾਂ ਵਾਲਾ ਪੱਤਰ ਰੱਦ ਕਰਕੇ ਪੰਜਾਬ ਦੇ ਪੇ-ਸਕੇਲ ਲਾਗੂ ਕੀਤੇ ਜਾਣ ਅਤੇ 4, 9 ਅਤੇ 14 ਸਾਲਾ ਏ.ਸੀ.ਪੀ. ਸਕੀਮ ਪੁਰਾਣੀਆਂ ਸ਼ਰਤਾਂ ਅਨੁਸਾਰ ਬਹਾਲ ਕੀਤੀ ਜਾਵੇ।
ਆਗੂਆਂ ਨੇ ਕਿਹਾ ਕਿ ਈ.ਟੀ.ਟੀ. ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ, ਬੀ.ਪੀ.ਈ.ਓ., ਮੁੱਖ ਅਧਿਆਪਕ ਅਤੇ ਪ੍ਰਿੰਸੀਪਲ ਸਮੇਤ ਹਰ ਤਰ੍ਹਾਂ ਦੀਆਂ ਰੁਕੀਆਂ ਤਰੱਕੀਆਂ ਤੁਰੰਤ ਸ਼ੁਰੂ ਕਰਕੇ ਮੁਕੰਮਲ ਕੀਤੀਆਂ ਜਾਣ। ਉਨ੍ਹਾਂ ਬਾਰਡਰ ਏਰੀਆ ਤਰੱਕੀ ਮਸਲੇ ਦੇ ਹੱਲ ਅਤੇ ਪੇਂਡੂ ਭੱਤੇ ਸਮੇਤ 37 ਪ੍ਰਕਾਰ ਦੇ ਕੱਟੇ ਗਏ ਭੱਤੇ ਬਹਾਲ ਕਰਨ ਦੀ ਵੀ ਮੰਗ ਕੀਤੀ।
ਜੀ.ਟੀ.ਯੂ. ਨੇ 6141, 108 ਈ.ਟੀ.ਟੀ., 3704 ਅਤੇ 6635 ਵਾਲੀਆਂ ਰੀਕਾਸਟ ਲਿਸਟਾਂ ਰੱਦ ਕਰਨ, ਕੋਰਟ ਕੇਸਾਂ ਕਾਰਨ ਪ੍ਰਭਾਵਿਤ ਅਧਿਆਪਕਾਂ ਨੂੰ ਖਾਲੀ ਅਸਾਮੀਆਂ ’ਤੇ ਐਡਜਸਟ ਕਰਕੇ ਨੌਕਰੀ ਸੁਰੱਖਿਅਤ ਕਰਨ ਅਤੇ ਕੰਪਿਊਟਰ ਅਧਿਆਪਕਾਂ, ਮੈਰੀਟੋਰੀਅਸ ਸਕੂਲ ਅਧਿਆਪਕਾਂ, ਆਦਰਸ਼ ਸਕੂਲ ਅਧਿਆਪਕਾਂ, ਸਿੱਖਿਆ ਪ੍ਰੋਵਾਈਡਰਾਂ, ਈ.ਜੀ.ਐਸ. ਵਲੰਟੀਅਰਾਂ ਅਤੇ ਐਸ.ਟੀ.ਆਰ. ਨੂੰ ਪੂਰੇ ਸਕੇਲਾਂ ’ਤੇ ਰੈਗੂਲਰ ਕਰਨ ਦੀ ਮੰਗ ਵੀ ਉਠਾਈ।
ਉਨ੍ਹਾਂ ਕਿਹਾ ਕਿ 8886 ਸਰਵ ਸਿੱਖਿਆ ਅਭਿਆਨ ਤਹਿਤ ਰੈਗੂਲਰ ਹੋਏ ਅਧਿਆਪਕਾਂ ਨੂੰ ਪਿਛਲੀ ਸੇਵਾ ਦਾ ਲਾਭ ਦਿੱਤਾ ਜਾਵੇ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਆਏ ਅਧਿਆਪਕਾਂ ਦੀ ਪੇਅ ਅਨਾਮਲੀ ਦੂਰ ਕੀਤੀ ਜਾਵੇ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵਿੱਚ ਖਾਲੀ ਅਸਾਮੀਆਂ ਭਰ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਨਿਯੁਕਤੀ ਦੇਣ ਦੀ ਮੰਗ ਵੀ ਕੀਤੀ ਗਈ।
ਅਧਿਆਪਕ ਆਗੂਆਂ ਨੇ ਅਧਿਆਪਕਾਂ ਤੋਂ ਲਏ ਜਾਂਦੇ ਗ਼ੈਰ-ਵਿੱਦਿਅਕ ਕੰਮਾਂ ਜਿਵੇਂ ਬੀ.ਐਲ.ਓ. ਡਿਊਟੀ, ਜਨਗਣਨਾ ਸਰਵੇ, ਨਸ਼ਾ ਮੁਕਤੀ ਮੁਹਿੰਮ ਅਤੇ ਬੇਲੋੜੀਆਂ ਡਾਕਾਂ ਆਦਿ ਤੁਰੰਤ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਅਧਿਆਪਕਾਂ ਦਾ ਪੜ੍ਹਾਈ ਵੱਲੋਂ ਧਿਆਨ ਭਟਕਦਾ ਹੈ।

ਉਨ੍ਹਾਂ ਵਿਦਿਆਰਥੀਆਂ ਲਈ ਵਿੱਦਿਅਕ ਮੁਕਾਬਲਿਆਂ ਨੂੰ ਉਤਸ਼ਾਹਿਤ ਕਰਨ, ਸਰਟੀਫਿਕੇਟ ਫੀਸ ਖਤਮ ਕਰਨ, ਪੇਪਰ ਮਾਰਕਿੰਗ ਦਾ ਮਿਹਨਤਾਨਾ ਪਹਿਲਾਂ ਵਾਂਗ ਦੇਣ, ਸੈਸ਼ਨ ਦੇ ਸ਼ੁਰੂ ਵਿੱਚ ਕਿਤਾਬਾਂ ਮੁਹੱਈਆ ਕਰਵਾਉਣ ਅਤੇ ਸਾਰੇ ਵਿਦਿਆਰਥੀਆਂ ਨੂੰ ਇੱਕਸਾਰ ਵਰਦੀ ਦੇਣ ਦੀ ਮੰਗ ਵੀ ਕੀਤੀ। ਜਥੇਬੰਦੀ ਨੇ ਕਿਹਾ ਕਿ ਵਰਦੀਆਂ ਦੀ ਰਕਮ ਸੈਲਫ ਹੈਲਪ ਗਰੁੱਪ ਜਾਂ ਬੀ.ਪੀ.ਈ.ਓ. ਦੀ ਬਜਾਏ ਸਕੂਲ ਮੈਨੇਜਮੈਂਟ ਕਮੇਟੀ ਦੇ ਖਾਤੇ ਵਿੱਚ ਭੇਜੀ ਜਾਵੇ।


Share & like

Leave a Reply