Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਚੰਡੀਗੜ੍ਹ, 4 ਮਈ
ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਨਾਲ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਕਰਮਚਾਰੀਆਂ ਨਾਲ ਸੰਬੰਧਿਤ ਵੱਖ-ਵੱਖ ਮੰਗਾਂ ਅਤੇ ਮੁੱਦਿਆਂ ਨੂੰ ਵਿਸਥਾਰ ਨਾਲ ਰੱਖਿਆ ਗਿਆ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸੁਪਰਡੈਂਟ ਦੀਆਂ ਪ੍ਰਮੋਸ਼ਨਾਂ ਇੱਕ ਹਫ਼ਤੇ ਦੇ ਅੰਦਰ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਇੱਕ ਬਾਰਡਰ ਅਤੇ ਇੱਕ ਨਾਨ-ਬਾਰਡਰ ਏਰੀਏ ਵਿੱਚ ਪ੍ਰਮੋਸ਼ਨ ਸ਼ਾਮਲ ਹੈ। ਇਸ ਤੋਂ ਇਲਾਵਾ ਸੁਪਰਡੈਂਟ ਲਈ ਲਾਜ਼ਮੀ ਤਜਰਬੇ ਦੀ ਮਿਆਦ ਘਟਾਉਣ ਸਬੰਧੀ ਤਜਵੀਜ਼ ਪ੍ਰਸੋਨਲ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ, ਜਿਸ ਦੀ ਮਨਜ਼ੂਰੀ ਤੋਂ ਬਾਅਦ ਹੋਰ ਕਰਮਚਾਰੀਆਂ ਨੂੰ ਵੀ ਪ੍ਰਮੋਸ਼ਨ ਦਾ ਲਾਭ ਮਿਲੇਗਾ।
ਜਥੇਬੰਦੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ 8 ਮਈ ਤੱਕ ਜਿਹੜੇ ਸੀਨੀਅਰ ਸਹਾਇਕ ਹਾਜ਼ਰ ਨਹੀਂ ਹੋਣਗੇ, ਉਨ੍ਹਾਂ ਦਾ ਡਾਟਾ 20 ਮਈ ਤੱਕ ਇਕੱਠਾ ਕਰਕੇ ਡੀਬਾਰ ਕੀਤਾ ਜਾਵੇਗਾ ਅਤੇ ਤੁਰੰਤ ਅਗਲੇ ਯੋਗ ਕਰਮਚਾਰੀਆਂ ਦੇ ਕੇਸ ਸੀਨੀਅਰ ਸਹਾਇਕ ਵਜੋਂ ਪ੍ਰਮੋਸ਼ਨ ਲਈ ਵਿਚਾਰੇ ਜਾਣਗੇ।
ਮੀਟਿੰਗ ਵਿੱਚ ਕਲਰਕ ਤੋਂ ਜੂਨੀਅਰ ਸਹਾਇਕ ਦੀ ਪਲੇਸਮੈਂਟ, ਪਰਖ ਸਮੇਂ ਦੌਰਾਨ ਕਲੈਰੀਕਲ ਸਟਾਫ਼ ਨੂੰ ਬਦਲੀ ਵਿੱਚ ਛੂਟ ਦੇਣ ਅਤੇ ਤਰਸ ਦੇ ਅਧਾਰ ‘ਤੇ ਨਿਯੁਕਤ ਕਲਰਕਾਂ ਦੇ ਟਾਈਪ ਟੈਸਟ ਸਬੰਧੀ ਮਸਲਿਆਂ ਨੂੰ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਇਸ ਤੋਂ ਇਲਾਵਾ ਹੋਰ ਬਾਕੀ ਰਹਿੰਦੀਆਂ ਮੰਗਾਂ ਸਬੰਧੀ ਵੀ ਵਿਸਥਾਰਤ ਪੱਤਰ ਸਕੱਤਰ ਸਕੂਲ ਸਿੱਖਿਆ ਨੂੰ ਸੌਂਪੇ ਗਏ, ਜਿਨ੍ਹਾਂ ‘ਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।

ਅਖੀਰ ਵਿੱਚ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਵੱਲੋਂ ਮਾਨਯੋਗ ਸਕੱਤਰ ਸਕੂਲ ਸਿੱਖਿਆ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਉਂਕਾਰ ਸਿੰਘ ਕਪੂਰਥਲਾ, ਰਾਜਦੀਪਕ ਗੁਪਤਾ ਪਠਾਨਕੋਟ, ਗੁਰਸ਼ਰਨ ਸਿੰਘ ਪਟਿਆਲਾ, ਵਰਿੰਦਰ ਸ਼ਰਮਾ ਰੋਪੜ ਅਤੇ ਨਿਸ਼ਾਨ ਸਿੰਘ ਤਰਨ ਤਾਰਨ ਸਮੇਤ ਹੋਰ ਹਾਜ਼ਰ ਸਨ।


Share & like

Leave a Reply