ਵਿਅੰਗ ਲੇਖ
ਲੇਖਕ: ਜਤਿੰਦਰ ਸਿੰਘ ਬੈਂਸ
ਕਾਫ਼ੀ ਦਿਨਾਂ ਤੋਂ ਮੇਰੀ ਕਾਰ ਕਿਸੇ ਸਰਕਾਰੀ ਦਫ਼ਤਰ ਦੀ ਫ਼ਾਈਲ ਵਾਂਗ ਚੱਲ ਰਹੀ ਸੀ। ਤੁਰ ਤਾਂ ਰਹੀ ਸੀ, ਪਰ ਮਨ ਮਰਜ਼ੀ ਨਾਲ। ਕਦੇ ਮੀਟਰ ਕੰਮ ਕਰਦਾ, ਕਦੇ ਸੂਈ ਐਦਾਂ ਖੜ ਜਾਂਦੀ ਜਿਵੇਂ ਹੜਤਾਲ ‘ਤੇ ਬੈਠੀ ਹੋਵੇ। ਹਰ ਰੋਜ਼ ਸੋਚਦਾ ਕਿ ਅੱਜ ਮਿਸਤਰੀ ਕੋਲ ਜਾਵਾਂਗਾ, ਪਰ ਸਵੇਰੇ ਡਿਊਟੀ ਤੇ ਸ਼ਾਮ ਨੂੰ ਥਕਾਵਟ ਐਦਾਂ ਘੇਰ ਲੈਂਦੀ ਕਿ ਕਾਰ ਦਾ ਨੁਕਸ ਵੀ ਆਪਣਾ ਜਿਹਾ ਲੱਗਣ ਲੱਗ ਪਿਆ ਸੀ।
ਫਿਰ ਆਈ ਇਕ ਮਈ ਮਜ਼ਦੂਰ ਦਿਵਸ। ਸਰਕਾਰੀ ਛੁੱਟੀ। ਮਨ ਵਿੱਚ ਖੁਸ਼ੀ ਵੀ ਸੀ ਕਿ ਚਲੋ ਅੱਜ ਕਾਰ ਦਾ ਇਲਾਜ ਹੋ ਜਾਵੇਗਾ, ਪਰ ਨਾਲ ਹੀ ਇਹ ਵੀ ਫਿਕਰ ਸੀ ਕਿ ਅੱਜ ਤਾਂ ਲੇਬਰ ਡੇਅ ਹੈ, ਕਿਤੇ ਸਾਰੇ ਵਰਕਸ਼ਾਪ ਬੰਦ ਨਾ ਹੋਣ। ਅੱਧਾ ਦਿਨ ਇਹੀ ਸੋਚਦਿਆਂ ਲੰਘ ਗਿਆ। ਆਖ਼ਰ ਹਿੰਮਤ ਕੀਤੀ, ਕੈਜੂਅਲ ਜਿਹੇ ਕੱਪੜੇ ਪਾਏ ਅਤੇ ਕਾਰ ਸਟਾਰਟ ਕਰਕੇ ਨਿਕਲ ਪਿਆ।
ਵਰਕਸ਼ਾਪ ਖੁੱਲੀ ਵੇਖ ਕੇ ਮਨ ਖਿੜ ਗਿਆ। ਲੱਗਿਆ ਜਿਵੇਂ ਛੁੱਟੀ ਸੱਚਮੁੱਚ ਲੇਖੇ ਲੱਗ ਗਈ ਹੋਵੇ। ਇੱਕ ਨੌਜਵਾਨ ਮੁੰਡਾ ਪਹਿਲਾਂ ਵਾਲਾ ਕੰਮ ਮੁਕਾ ਕੇ ਮੇਰੇ ਕੋਲ ਆਇਆ ਤੇ ਹੱਸ ਕੇ ਬੋਲਿਆ,
“ਦੱਸੋ ਭਾਜੀ, ਕੀ ਸੇਵਾ ਕਰੀਏ?”
ਮੈਂ ਕਾਰ ਦਾ ਨੁਕਸ ਦੱਸਿਆ। ਉਸਨੇ ਬੋਨਟ ਖੋਲ੍ਹਿਆ, ਦੋ-ਚਾਰ ਤਾਰਾਂ ਹਿਲਾਈਆਂ ਤੇ ਫੈਸਲਾ ਸੁਣਾ ਦਿੱਤਾ।
“ਭਾਜੀ, ਬੈਟਰੀ ਜਵਾਬ ਦੇ ਗਈ ਏ। ਨਵੀਂ ਪੈਣੀ।”
ਮੈਂ ਵੀ ਸੋਚਿਆ ਜਿਵੇਂ ਕਈ ਵਾਰ ਲੋਕਾਂ ਦੇ ਰਿਸ਼ਤੇ ਚਾਰਜ ਨਹੀਂ ਰਹਿੰਦੇ, ਓਵੇਂ ਕਾਰ ਦੀ ਬੈਟਰੀ ਵੀ ਥੱਕ ਗਈ ਹੋਵੇਗੀ। ਕਿਹਾ, “ਚਲੋ ਬਦਲ ਦਿਓ।”
ਉਹ ਕੰਮ ਵਿੱਚ ਲੱਗ ਗਿਆ ਤੇ ਮੈਂ ਗੱਲਾਂ ਵਿੱਚ। ਅਚਾਨਕ ਮੈਂ ਕਿਹਾ,
“ਯਾਰ, ਅੱਜ ਤਾਂ ਲੇਬਰ ਡੇਅ ਹੈ। ਮੈਂ ਤਾਂ ਸੋਚ ਰਿਹਾ ਸੀ ਕੋਈ ਮਿਲੇਗਾ ਵੀ ਕਿ ਨਹੀਂ।”
ਉਸਨੇ ਪਲਾਸ ਘੁਮਾਉਂਦਿਆਂ ਹੱਸ ਕੇ ਕਿਹਾ,
“ਭਾਜੀ, ਸਾਡਾ ਕਾਹਦਾ ਲੇਬਰ ਡੇਅ! ਅਸੀਂ ਤਾਂ ਕੰਮ ਕਰਾਂਗੇ ਤਾਂ ਹੀ ਘਰ ਰੋਟੀ ਜਾਵੇਗੀ।”
ਉਸਦੀ ਇਹ ਗੱਲ ਮੇਰੇ ਦਿਲ ਵਿੱਚ ਐਦਾਂ ਲੱਗੀ ਜਿਵੇਂ ਖਰਾਬ ਸੜਕ ‘ਤੇ ਅਚਾਨਕ ਖੱਡਾ ਆ ਜਾਵੇ। ਮੈਂ ਚੁੱਪ ਹੋ ਗਿਆ। ਮੇਰੀ ਛੁੱਟੀ ਉਸਦਾ ਕੰਮ ਸੀ। ਮੇਰਾ ਆਰਾਮ ਉਸਦੀ ਮਜ਼ਬੂਰੀ।
ਉਸਨੇ ਅੱਗੇ ਦੱਸਿਆ ਕਿ ਏਸੀ ਦਾ ਕੰਮ ਫਾਟਕ ਨੇੜੇ ਹੋਵੇਗਾ। ਮੈਂ ਥੋੜ੍ਹਾ ਹਿਚਕਿਚਾਇਆ ਤਾਂ ਕਹਿੰਦਾ,
“ਤੁਸੀਂ ਅਰਾਮ ਨਾਲ ਜਾਓ ਭਾਜੀ, ਅੱਜ ਸਾਰੇ ਖੁੱਲੇ ਨੇ। ਲੇਬਰ ਡੇਅ ਨਾਲ ਸਾਡਾ ਕੀ ਲੈਣਾ!”
ਮੈਂ ਉੱਥੇ ਗਿਆ। ਸੱਚਮੁੱਚ, ਸਾਰੇ ਮਿਸਤਰੀ ਆਮ ਦਿਨਾਂ ਵਾਂਗ ਕੰਮ ਵਿੱਚ ਰੁੱਝੇ ਹੋਏ ਸਨ। ਕਿਸੇ ਦੇ ਹੱਥ ਗ੍ਰੀਸ ਨਾਲ ਕਾਲੇ ਸਨ, ਕਿਸੇ ਦੇ ਮੱਥੇ ‘ਤੇ ਪਸੀਨਾ ਸੀ। ਪਰ ਕਿਸੇ ਦੇ ਚਿਹਰੇ ‘ਤੇ “ਛੁੱਟੀ” ਨਹੀਂ ਸੀ।
ਉਸ ਵੇਲੇ ਸਮਝ ਆਈ ਕਿ ਲੇਬਰ ਡੇਅ ਦੀ ਛੁੱਟੀ ਅਸਲ ਵਿੱਚ ਕੌਣ ਮਨਾਂਦਾ ਹੈ।
ਜਿਨ੍ਹਾਂ ਲਈ ਇਹ ਦਿਨ ਬਣਿਆ, ਉਹ ਤਾਂ ਦੁਕਾਨਾਂ, ਫੈਕਟਰੀਆਂ, ਵਰਕਸ਼ਾਪਾਂ ਅਤੇ ਢਾਬਿਆਂ ‘ਤੇ ਖੜੇ ਸਨ। ਛੁੱਟੀ ਅਸੀਂ ਕਰ ਰਹੇ ਸੀ—ਜੋ ਉਨ੍ਹਾਂ ਦੀ ਮਿਹਨਤ ‘ਤੇ ਆਪਣਾ ਆਰਾਮ ਟਿਕਾ ਕੇ ਬੈਠੇ ਹਾਂ।
ਘਰ ਵਾਪਸ ਆਉਂਦਿਆਂ ਕਾਰ ਪਹਿਲਾਂ ਨਾਲੋਂ ਕਾਫ਼ੀ ਵਧੀਆ ਚੱਲ ਰਹੀ ਸੀ, ਪਰ ਮਨ ਵਿੱਚ ਇੱਕ ਸਵਾਲ ਵਾਰ-ਵਾਰ ਘੁੰਮ ਰਿਹਾ ਸੀ।
“ਜੇ ਮਜ਼ਦੂਰ ਨੂੰ ਆਪਣੀ ਮਿਹਨਤ ਦੇ ਦਿਨ ਵੀ ਮਿਹਨਤ ਕਰਨੀ ਪਏ, ਤਾਂ ਫਿਰ ਇਹ ‘ਮਜ਼ਦੂਰ ਦਿਵਸ’ ਆਖ਼ਿਰ ਕਿਸਦਾ ਹੈ?”
ਸ਼ਾਇਦ ਇਸ ਦੇਸ਼ ਵਿੱਚ ਮਜ਼ਦੂਰ ਦਿਵਸ ਸਿਰਫ਼ ਕੈਲੰਡਰ ‘ਤੇ ਲਾਲ ਰੰਗ ਦੀ ਇੱਕ ਤਾਰੀਖ ਹੈ…
ਅਤੇ ਮਜ਼ਦੂਰ ਲਈ ਬਾਕੀ ਹਰ ਦਿਨ ਵਾਂਗ ਇੱਕ ਹੋਰ ਕੰਮ ਵਾਲਾ ਦਿਨ।

ਲੇਖਕ: ਜਤਿੰਦਰ ਸਿੰਘ ਬੈਂਸ (ਮੋਬਾਇਲ:95920-93585)










