Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 1 ਮਈ
ਅੱਜ ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਜਥੇਬੰਦੀਆਂ ਵੱਲੋਂ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਇਕੱਠੇ ਹੋ ਕੇ ਇੱਕ ਮਈ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਹੋਏ ਵਿਸ਼ਾਲ ਇਕੱਠ ਦੀ ਪ੍ਰਧਾਨਗੀ ਕਾਂਤਾ ਬਰਿਆਰ (ਇਫਟੂ), ਜਸਵੰਤ ਸਿੰਘ ਬੁੱਟਰ (ਸੀਟੀਯੂ), ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਸੁਖਵੰਤ ਸਿੰਘ ਹਜ਼ਾਰਾ, ਪੀ.ਐੱਸ.ਐੱਸ.ਐੱਫ ਦੇ ਅਨਿਲ ਕੁਮਾਰ ਲਹੌਰੀਆ ਅਤੇ ਡੀਟੀਐੱਫ ਦੇ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਸਾਂਝੇ ਤੌਰ ’ਤੇ ਕੀਤੀ। ਸਟੇਜ ਦੀ ਮੁੱਖ ਭੂਮਿਕਾ ਸੁਖਦੇਵ ਰਾਜ ਬਹਿਰਾਮਪੁਰ ਨੇ ਨਿਭਾਈ।

ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 1886 ਵਿੱਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਅੱਠ ਘੰਟੇ ਦੀ ਦਿਹਾੜੀ ਦੀ ਮੰਗ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ ’ਤੇ ਸਰਮਾਏਦਾਰਾਂ ਦੇ ਇਸ਼ਾਰੇ ’ਤੇ ਜ਼ੁਲਮ ਕੀਤਾ ਗਿਆ ਅਤੇ ਕਈ ਮਜ਼ਦੂਰਾਂ ਨੇ ਸ਼ਹਾਦਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੇ ਆਪਣੇ ਖੂਨ ਦੀ ਕੁਰਬਾਨੀ ਦੇ ਕੇ ਦੁਨੀਆ ਭਰ ਵਿੱਚ ਅੱਠ ਘੰਟੇ ਦੀ ਦਿਹਾੜੀ ਦਾ ਕਾਨੂੰਨ ਲਾਗੂ ਕਰਵਾਇਆ ਸੀ।
ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੁਬਾਰਾ ਸਰਮਾਏਦਾਰਾਂ ਦੇ ਹੱਕ ਵਿੱਚ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਅੱਠ ਘੰਟੇ ਦੀ ਥਾਂ 12 ਘੰਟੇ ਦੀ ਦਿਹਾੜੀ ਦਾ ਕਾਨੂੰਨ ਲਿਆ ਕੇ ਮਜ਼ਦੂਰਾਂ ਦੇ ਹੱਕਾਂ ’ਤੇ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ 140 ਸਾਲ ਪਹਿਲਾਂ ਮਜ਼ਦੂਰਾਂ ਦੇ ਸੰਘਰਸ਼ ਨਾਲ ਬਣੇ ਕਾਨੂੰਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ, ਸੀਟੀਯੂ ਆਗੂ ਠਾਕਰ ਧਿਆਨ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਵਿਜੇ ਸੋਹਲ, ਪੰਜਾਬ ਫੈਡਰੇਸ਼ਨ ਦੇ ਕੁਲਦੀਪ ਸਿੰਘ ਪੁਰੇਵਾਲ, ਡੀਐੱਮਐੱਫ ਦੀ ਬਲਵਿੰਦਰ ਕੌਰ, ਜਮਹੂਰੀ ਅਧਿਕਾਰ ਸਭਾ ਦੇ ਰਣਜੀਤ ਸਿੰਘ ਧਾਰੀਵਾਲ, ਮਿਡ-ਡੇ-ਮੀਲ ਵਰਕਰ ਆਗੂ ਗੁਰਪ੍ਰੀਤ ਕੋਹਾਲੀ ਅਤੇ ਸੁਰਿੰਦਰ ਕੌਰ, ਬੀਕੇਯੂ ਡਾਂ ਦੇ ਬਲਵੀਰ ਸਿੰਘ, ਕਿਸਾਨ ਆਗੂ ਮੱਖਣ ਸਿੰਘ ਕੁਹਾੜ, ਪੰਜਾਬ ਸਟੂਡੈਂਟ ਯੂਨੀਅਨ ਦੇ ਅਮਰ ਕ੍ਰਾਂਤੀ, ਸੀਵਰੇਜ ਯੂਨੀਅਨ ਦੇ ਪ੍ਰੇਮ ਮਸੀਹ, ਕੱਚੇ ਸਫਾਈ ਸੇਵਕ ਯੂਨੀਅਨ ਦੇ ਬਸੀਰ ਅਤੇ ਰਾਜ ਕੁਮਾਰ ਪੰਡੋਰੀ ਨੇ ਵੀ ਸੰਬੋਧਨ ਕੀਤਾ।
ਜਥੇਬੰਦੀਆਂ ਨੇ ਕੇਂਦਰ ਸਰਕਾਰ ਤੋਂ ਚਾਰ ਲੇਬਰ ਕੋਡ ਰੱਦ ਕਰਨ, 12 ਘੰਟੇ ਦੀ ਦਿਹਾੜੀ ਵਾਲਾ ਕਾਨੂੰਨ ਵਾਪਸ ਲੈਣ, ਮਨਰੇਗਾ ਕਾਨੂੰਨ ਬਹਾਲ ਕਰਨ, ਉਜਰਤ ਕਾਨੂੰਨ ਤਹਿਤ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਘੱਟੋ-ਘੱਟ ਤਨਖ਼ਾਹ ਲਾਗੂ ਕਰਨ ਅਤੇ ਬਿਜਲੀ ਬਿੱਲ 2025 ਰੱਦ ਕਰਨ ਦੀ ਮੰਗ ਕੀਤੀ।

ਪ੍ਰੋਗਰਾਮ ਤੋਂ ਬਾਅਦ ਗੁਰੂ ਨਾਨਕ ਪਾਰਕ ਤੋਂ ਡਾਕਖਾਨਾ ਚੌਂਕ ਤੱਕ ਝੰਡਾ ਮਾਰਚ ਵੀ ਕੱਢਿਆ ਗਿਆ। ਅੰਤ ਵਿੱਚ ਜੁਗਿੰਦਰ ਪਾਲ ਪਨਿਆੜ ਨੇ ਸਮੂਹ ਜਥੇਬੰਦੀਆਂ ਅਤੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ।


Share & like

Leave a Reply