ਕਰੋੜਾਂ ਦੀ ਲਾਗਤ ਨਾਲ ਚੱਲ ਰਹੇ ਕੰਮ 30 ਜੂਨ 2026 ਤੱਕ ਹੋਣਗੇ ਮੁਕੰਮਲ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 30 ਅਪਰੈਲ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਗੁਰਦਾਸਪੁਰ ਸ਼ਹਿਰ ਵਿੱਚ ਬਣ ਰਹੀਆਂ ਵੱਖ-ਵੱਖ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ ਉੱਚ ਗੁਣਵੱਤਾ ਨਾਲ ਪੂਰੇ ਕੀਤੇ ਜਾਣ।
ਇਸ ਮੌਕੇ ਉਨ੍ਹਾਂ ਨਾਲ ਐਕਸੀਅਨ ਜਸਪ੍ਰੀਤ ਸਿੰਘ ਵੀ ਮੌਜੂਦ ਸਨ। ਮੰਤਰੀ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਅੰਮ੍ਰਿਤਸਰ-ਪਠਾਨਕੋਟ ਰੋਡ (ਸਿਟੀ ਹਿੱਸਾ), ਰੇਲਵੇ ਸਟੇਸ਼ਨ ਅਤੇ ਡਿਸਟ੍ਰਿਕਟ ਕੋਰਟ ਲਈ ਅਪਰੋਚ ਰੋਡ, ਸੈਸ਼ਨ ਹਾਊਸ ਤੋਂ ਰੇਲਵੇ ਚੁੰਗੀ, ਰਾਇਸ ਮਿੱਲ ਤੋਂ ਬੀ.ਐਸ.ਐਫ. ਹੈੱਡਕੁਆਰਟਰ ਅਤੇ ਡੀ.ਸੀ. ਰਿਹਾਇਸ਼ ਤੱਕ ਦੀਆਂ ਸੜਕਾਂ ਦੀ ਅਪਗ੍ਰੇਡੇਸ਼ਨ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੇ ਨਵੀਨੀਕਰਨ ਲਈ ਕੁੱਲ 17.82 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ। ਇਸ ਦੇ ਤਹਿਤ ਕਈ ਪ੍ਰਮੁੱਖ ਸੜਕਾਂ ਨੂੰ ਵਧਾਇਆ ਅਤੇ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੀਨਾਨਗਰ ਸਾਈਡ ਤੋਂ ਰੇਲਵੇ ਫਾਟਕ ਤੱਕ ਅਤੇ ਕਾਹਨੂੰਵਾਨ ਚੌਂਕ ਤੋਂ ਬੱਬਰੀ ਬਾਈਪਾਸ ਤੱਕ ਵਾਈਡਨਿੰਗ ਦੇ ਕੰਮ ਵੀ ਸ਼ਾਮਲ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਹ ਸੜਕਾਂ ਆਵਾਜਾਈ ਨੂੰ ਸੁਗਮ ਬਣਾਉਣ ਦੇ ਨਾਲ-ਨਾਲ ਆਰਥਿਕ ਗਤੀਵਿਧੀਆਂ ਨੂੰ ਵੀ ਤੇਜ਼ ਕਰਨਗੀਆਂ ਅਤੇ ਪਿੰਡਾਂ ਨੂੰ ਸ਼ਹਿਰਾਂ ਨਾਲ ਹੋਰ ਬਿਹਤਰ ਢੰਗ ਨਾਲ ਜੋੜਣਗੀਆਂ।

ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਦਿੱਤੀ ਕਿ ਸਾਰੇ ਨਿਰਮਾਣ ਕਾਰਜ ਪਾਰਦਰਸ਼ਤਾ ਅਤੇ ਉੱਚ ਗੁਣਵੱਤਾ ਨਾਲ ਸਮੇਂ ਸਿਰ ਪੂਰੇ ਕੀਤੇ ਜਾਣ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਸਾਰੇ ਕੰਮ 30 ਜੂਨ 2026 ਤੱਕ ਮੁਕੰਮਲ ਕਰ ਲਏ ਜਾਣਗੇ, ਤਾਂ ਜੋ ਲੋਕਾਂ ਨੂੰ ਜਲਦੀ ਤੋਂ ਜਲਦੀ ਸੁਵਿਧਾ ਮਿਲ ਸਕੇ।










