ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਦੋਰਾਂਗਲਾ/ਗੁਰਦਾਸਪੁਰ, 29 ਅਪਰੈਲ
ਸਿੱਖਿਆ ਬਲਾਕ ਦੋਰਾਂਗਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੰਜੀ ਵਿਖੇ ਤਾਇਨਾਤ ਅਧਿਆਪਕ ਸੰਦੀਪ ਸ਼ਰਮਾ ਵੱਲੋਂ ਇੱਕ ਬੱਚੇ ਦੀ ਕਥਿਤ ਤੌਰ ‘ਤੇ ਕੁੱਟਮਾਰ ਕਰਨ ਦੇ ਸਬੰਧ ਵਿੱਚ ਕੇਸ ਦਰਜ਼ ਕੀਤੇ ਜਾਣ ‘ਤੇ ਅਧਿਆਪਕ ਜਥੇਬੰਦੀਆਂ ਅਧਿਆਪਕ ਸੰਦੀਪ ਸ਼ਰਮਾ ਦੀ ਹਮਾਇਤ ਉੱਤੇ ਆ ਗਈਆਂ ਹਨ।
ਅੱਜ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅਧਿਆਪਕਾਂ ਸਮੇਤ ਥਾਣਾ ਦੋਰਾਂਗਲਾ ਐਸਐਚਓ ਨਾਲ ਗੱਲਬਾਤ ਕੀਤੀ ਗਈ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਓਂਕਾਰ ਸਿੰਘ ਅਤੇ ਡੈਮੋਕਰੇਟਿਕ ਟੀਚਰ ਫਰੰਟ ਦੇ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਕਿਹਾ ਕਿ ਬੀਤੇ ਦਿਨੀਂ ਅਧਿਆਪਕ ਵੱਲੋਂ ਬੱਚੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਆਇਆ ਸੀ, ਜਿਸ ਤੋਂ ਬਾਅਦ ਬੱਚੇ ਦੇ ਪਰਿਵਾਰ ਵੱਲੋਂ ਅਧਿਆਪਕ ਖ਼ਿਲਾਫ਼ ਪਰਚਾ ਦਰਜ਼ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਜਾਂਚ ਤੋਂ ਪਰਚਾ ਦਰਜ਼ ਕਰਨਾ ਅਧਿਆਪਕ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਜਥੇਬੰਦੀਆਂ ਬਿਨਾਂ ਜਾਂਚ ਤੋਂ ਕੀਤੀ ਗਈ ਇੱਕ ਤਰਫਾ ਕਾਰਵਾਈ ਦਾ ਵਿਰੋਧ ਕਰਦੀਆਂ ਹਨ।
ਜਾਣਕਾਰੀ ਅਨੁਸਾਰ ਬਲਾਕ ਦੋਰਾਂਗਲਾ ਦੇ ਵੱਡੀ ਗਿਣਤੀ ਅਧਿਆਪਕ ਅੱਜ ਸਕੂਲ ਛੁੱਟੀ ਉਪਰੰਤ ਅਧਿਆਪਕ ਜਥੇਬੰਦੀਆਂ ਦੇ ਝੰਡੇ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਦੋਰਾਂਗਲਾ ਵਿਖੇ ਇੱਕਠੇ ਹੋਏ ਅਤੇ ਮਾਮਲੇ ‘ਤੇ ਚਰਚਾ ਕੀਤੀ।
ਸਕੂਲ ਵਿੱਚ ਇਕੱਠ ਕਰਨ ਉਪਰੰਤ ਅਧਿਆਪਕ ਥਾਣਾ ਦੋਰਾਂਗਲਾ ਪਹੁੰਚੇ ਅਤੇ ਐਸਐਚਓ ਬਿਸ਼ਨ ਦਾਸ ਨਾਲ ਮੀਟਿੰਗ ਕਰਕੇ ਮਾਮਲੇ ਦੀ ਸਹੀ ਜਾਂਚ ਦੀ ਮੰਗ ਕੀਤੀ ਗਈ।
ਐਸਐਚਓ ਬਿਸ਼ਨ ਦਾਸ ਨੇ ਅਧਿਆਪਕ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਪੂਰੀ ਜਾਂਚ ਕਰਕੇ ਇਨਸਾਫ਼ਪੂਰਕ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਡੀਟੀਐਫ ਬਲਾਕ ਦੋਰਾਂਗਲਾ ਦੀ ਪ੍ਰਧਾਨ ਬਲਵਿੰਦਰ ਕੌਰ ਨੇ ਕਿਹਾ ਕਿ ਅਧਿਆਪਕ ਸੰਦੀਪ ਸ਼ਰਮਾ ਸਾਲ 2011 ਤੋਂ ਸਰਕਾਰੀ ਪ੍ਰਾਇਮਰੀ ਸਕੂਲ ਗੰਜੀ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਉਨ੍ਹਾਂ ਦਾ ਨਤੀਜਾ ਹਮੇਸ਼ਾ 100 ਫੀਸਦੀ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇੱਕ ਇਮਾਨਦਾਰ ਅਤੇ ਮਿਹਨਤੀ ਅਧਿਆਪਕ ਨੂੰ ਰੰਜਿਸ਼ ਤਹਿਤ ਫਸਾਇਆ ਜਾ ਰਿਹਾ ਹੈ ਅਤੇ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਗੌਰਮੈਂਟ ਟੀਚਰ ਯੂਨੀਅਨ ਵੱਲੋਂ ਦਵਿੰਦਰਜੀਤ ਸਿੰਘ, ਐਲੀਮੈਂਟਰੀ ਟੀਚਰ ਯੂਨੀਅਨ ਦੇ ਬਲਾਕ ਪ੍ਰਧਾਨ ਸਰਵਣ ਸਿੰਘ, ਜਨਰਲ ਸਕੱਤਰ ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਮਾਨ, ਅਤੁਲ ਮਹਾਜਨ, ਪ੍ਰੇਮ ਲਾਲ, ਰਵੀ ਕੁਮਾਰ, ਸੌਰਵ ਗੁਪਤਾ, ਉਪਕਾਰ ਸਿੰਘ, ਸਤਬੀਰ ਸਿੰਘ ਭੰਡਾਲ, ਸਤਿੰਦਰ ਕੁਮਾਰ, ਸੁਖਵਿੰਦਰ ਸਿੰਘ, ਹੀਰਾ ਸਿੰਘ, ਰਾਜਿੰਦਰ ਕੁਮਾਰ, ਅਜੇ ਕੁਮਾਰ, ਕਮਲਦੀਪ ਸਿੰਘ, ਦਲਜੀਤ ਸਿੰਘ, ਜੋਗਿੰਦਰ ਪਾਲ ਅਤੇ ਮੈਡਮ ਪੂਨਮ ਕਲਸੀ ਸਮੇਤ ਹੋਰ ਅਧਿਆਪਕ ਹਾਜ਼ਰ ਸਨ।










