ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ
ਚੰਡੀਗੜ੍ਹ/ਗੁਰਦਾਸਪੁਰ, 19 ਅਪਰੈਲ
India Meteorological Department (IMD) ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 21 ਤੋਂ 23 ਅਪਰੈਲ ਤੱਕ ਗਰਮ ਹਵਾਵਾਂ (ਲੂ) ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਮੁਤਾਬਕ ਕੁਝ ਇਲਾਕਿਆਂ ਵਿੱਚ ਇਸ ਦੌਰਾਨ ਤਾਪਮਾਨ ਕਾਫ਼ੀ ਵੱਧ ਸਕਦਾ ਹੈ ਅਤੇ ਗਰਮ ਰਾਤਾਂ ਵੀ ਮਹਿਸੂਸ ਹੋ ਸਕਦੀਆਂ ਹਨ।
19 ਅਪਰੈਲ ਦੀ ਸ਼ਾਮ ਨੂੰ ਆਏ ਤੂਫ਼ਾਨ, ਤੇਜ਼ ਹਵਾਵਾਂ ਅਤੇ ਗਰਜ-ਚਮਕ ਤੋਂ ਬਾਅਦ ਹੁਣ ਮੌਸਮ ਵਿੱਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਹੈ। IMD ਨੇ ਦੱਸਿਆ ਕਿ 21 ਤੋਂ 23 ਅਪਰੈਲ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਲੂ ਵਰਗੇ ਹਾਲਾਤ ਬਣ ਸਕਦੇ ਹਨ।
ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ ਹੈ, ਪਰ ਇਸਦੇ ਬਾਵਜੂਦ ਤਾਪਮਾਨ ਆਮ ਨਾਲੋਂ ਕਾਫ਼ੀ ਵੱਧ ਦਰਜ ਕੀਤਾ ਜਾ ਰਿਹਾ ਹੈ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 41.1°C ਦਰਜ ਹੋਇਆ, ਜੋ ਸੂਬੇ ਦਾ ਸਭ ਤੋਂ ਉੱਚਾ ਤਾਪਮਾਨ ਰਿਹਾ। ਜਦਕਿ ਆਦਮਪੁਰ ਵਿੱਚ ਨਿਊਨਤਮ ਤਾਪਮਾਨ 18.4°C ਰਿਹਾ।
ਅਪਰੈਲ ਮਹੀਨੇ ਦੌਰਾਨ ਮੀਂਹ ਵੀ ਆਮ ਨਾਲੋਂ ਕਾਫ਼ੀ ਵੱਧ ਰਿਹਾ ਹੈ। 1 ਅਪਰੈਲ ਤੋਂ 19 ਅਪਰੈਲ ਤੱਕ 26.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਆਮ ਮਾਤਰਾ 11.2 ਮਿਲੀਮੀਟਰ ਨਾਲੋਂ 134% ਵੱਧ ਹੈ। ਇਸੇ ਤਰ੍ਹਾਂ 1 ਮਾਰਚ ਤੋਂ ਹੁਣ ਤੱਕ 43.5 ਮਿਲੀਮੀਟਰ ਮੀਂਹ ਪਿਆ ਹੈ।
ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਉੱਤੇ ਉੱਚਾਈ ‘ਤੇ ਤਕਰੀਬਨ 150 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਸਬਟ੍ਰਾਪਿਕਲ ਵੈਸਟਰੀ ਜੈਟ ਸਟ੍ਰੀਮ ਸਰਗਰਮ ਹੈ। 23 ਅਪਰੈਲ ਤੋਂ ਪੱਛਮੀ ਹਿਮਾਲਿਆਈ ਖੇਤਰ ਵਿੱਚ ਨਵਾਂ ਵੈਸਟਰਨ ਡਿਸਟਰਬੈਂਸ ਆਉਣ ਦੀ ਸੰਭਾਵਨਾ ਹੈ।
IMD ਦੇ ਅਨੁਸਾਰ ਪੰਜਾਬ ਵਿੱਚ 20 ਤੋਂ 26 ਅਪਰੈਲ ਤੱਕ ਮੌਸਮ ਮੁੱਖ ਤੌਰ ‘ਤੇ ਸੁੱਕਾ ਰਹੇਗਾ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਹੋਰ ਵਾਧਾ ਹੋ ਸਕਦਾ ਹੈ।

ਸਾਵਧਾਨੀ:
ਲੂ ਦੌਰਾਨ ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਜਾਣ ਤੋਂ ਬਚਣ, ਪਾਣੀ ਵੱਧ ਪੀਣ ਅਤੇ ਸਿਹਤ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।










