Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 10 ਅਪਰੈਲ
ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ, ਅਨੁਸ਼ਾਸਨ ਅਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਾਟੇ ਡੋ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਚਾਈਲਡ ਵੈਲਫੇਅਰ ਕੌਂਸਲ ਗੁਰਦਾਸਪੁਰ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਜ਼ਿਲ੍ਹਾ ਪੱਧਰੀ ਇੰਟਰ-ਸਕੂਲ ਕਰਾਟੇ ਚੈਂਪੀਅਨਸ਼ਿਪ ਦਾ ਆਯੋਜਨ ਐਤਵਾਰ 19 ਅਪਰੈਲ 2026 ਨੂੰ ਕੀਤਾ ਜਾ ਰਿਹਾ ਹੈ।

ਚੈਂਪੀਅਨਸ਼ਿਪ ਲਿਟਲ ਫਲਾਵਰ ਕਾਨਵੈਂਟ ਸਕੂਲ, ਗੁਰਦਾਸਪੁਰ ਦੇ ਜਿਮਨੇਜ਼ੀਅਮ ਹਾਲ ਵਿੱਚ ਕਰਵਾਈ ਜਾਵੇਗੀ, ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਲਗਭਗ 250 ਖਿਡਾਰੀ ਭਾਗ ਲੈਣਗੇ।
ਸਮਾਰੋਹ ਦਾ ਸ਼ੁਭ ਆਰੰਭ ਕਰਾਟੇ ਡੋ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਆਨਰੇਰੀ ਸੈਕਰਟਰੀ ਰੋਮੇਸ਼ ਮਹਾਜਨ ਵੱਲੋਂ ਕੀਤਾ ਜਾਵੇਗਾ, ਜੋ ਕਿ ਰਾਸ਼ਟਰੀ ਪੁਰਸਕਾਰ ਪ੍ਰਾਪਤ ਸ਼ਖਸੀਅਤ ਹਨ। ਉਨ੍ਹਾਂ ਦੀ ਮੌਜੂਦਗੀ ਨਾਲ ਸਮਾਗਮ ਹੋਰ ਵੀ ਪ੍ਰੇਰਣਾਦਾਇਕ ਬਣਨ ਦੀ ਉਮੀਦ ਹੈ।
ਚੈਂਪੀਅਨਸ਼ਿਪ ਵਿੱਚ 7 ਤੋਂ 21 ਸਾਲ ਦੀ ਉਮਰ ਦੇ ਲੜਕੇ ਅਤੇ ਲੜਕੀਆਂ ਵੱਖ-ਵੱਖ ਉਮਰ ਵਰਗਾਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਮੁਕਾਬਲੇ ਟੈਕਨੀਕਲ ਡਾਇਰੈਕਟਰ ਅਤੇ ਜਨਰਲ ਸੈਕਰਟਰੀ ਗੁਰਵੰਤ ਸਿੰਘ ਦੀ ਦੇਖਰੇਖ ਹੇਠ ਕਰਵਾਏ ਜਾਣਗੇ, ਤਾਂ ਜੋ ਖੇਡਾਂ ਵਿੱਚ ਨਿਰਪੱਖਤਾ ਅਤੇ ਉੱਚ ਪੱਧਰੀ ਅਨੁਸ਼ਾਸਨ ਬਣਿਆ ਰਹੇ।

ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਗਗਨ ਮਹਾਜਨ ਸ਼ਿਰਕਤ ਕਰਨਗੇ, ਜੋ ਜੇਤੂ ਖਿਡਾਰੀਆਂ ਨੂੰ ਤਗਮੇ ਅਤੇ ਸਰਟੀਫਿਕੇਟ ਪ੍ਰਦਾਨ ਕਰਨਗੇ।
ਆਯੋਜਕਾਂ ਵੱਲੋਂ ਖੇਡ ਪ੍ਰੇਮੀਆਂ, ਮਾਪਿਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਡੀ ਗਿਣਤੀ ਵਿੱਚ ਪਹੁੰਚ ਕੇ ਨੌਜਵਾਨ ਖਿਡਾਰੀਆਂ ਦਾ ਮਨੋਬਲ ਵਧਾਉਣ। ਰੁਚੀ ਰੱਖਣ ਵਾਲੇ 7 ਤੋਂ 21 ਸਾਲ ਦੀ ਉਮਰ ਦੇ ਖਿਡਾਰੀ ਸਿੱਧੇ ਤੌਰ ‘ਤੇ ਵੀ ਚੈਂਪੀਅਨਸ਼ਿਪ ਵਿੱਚ ਭਾਗ ਲੈ ਸਕਦੇ ਹਨ।


Share & like

Leave a Reply