Share & like

ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ
ਗੁਰਦਾਸਪੁਰ, 1 ਅਪ੍ਰੈਲ
ਸਿਆਸੀ ਖਿੱਚੋਤਾਣ ਅਤੇ ਤਿੰਨ ਵਾਰ ਚੋਣ ਮੁਲਤਵੀ ਹੋਣ ਤੋਂ ਬਾਅਦ ਆਖ਼ਿਰਕਾਰ ਬਲਾਕ ਸੰਮਤੀ ਦੀਨਾਨਗਰ ਦੀ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਦੀ ਚੋਣ ਹਾਈਕੋਰਟ ਦੇ ਹੁਕਮਾਂ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਵਿਖੇ ਸਫਲਤਾਪੂਰਵਕ ਕਰਵਾਈ ਗਈ।
ਇਸ ਚੋਣ ਵਿੱਚ ਕਾਂਗਰਸ ਪਾਰਟੀ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਰਾਜ ਰਾਣੀ ਨੂੰ ਚੇਅਰਪਰਸਨ ਅਤੇ ਰਮੇਸ਼ ਚੰਦਰ ਨੂੰ ਵਾਈਸ ਚੇਅਰਮੈਨ ਚੁਣਵਾ ਲਿਆ।
22 ਜ਼ੋਨਾਂ ਵਾਲੀ ਇਸ ਸੰਮਤੀ ਵਿੱਚ ਕਾਂਗਰਸ ਨੇ 11 ਜ਼ੋਨ ਜਿੱਤੇ ਸਨ ਅਤੇ ਵਿਧਾਇਕਾ ਅਰੁਣਾ ਚੌਧਰੀ ਦੀ ਵੋਟ ਨਾਲ ਕੁੱਲ 12 ਵੋਟਾਂ ਦਾ ਸਪੱਸ਼ਟ ਬਹੁਮਤ ਹਾਸਲ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ 8 ਅਤੇ ਭਾਜਪਾ ਦੇ 3 ਜੇਤੂ ਮੈਂਬਰ ਚੋਣ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।
ਕਾਂਗਰਸੀ ਆਗੂਆਂ ਦੇ ਮੁਤਾਬਕ ਚੋਣਾਂ ਨੂੰ ਇਸ ਤੋਂ ਪਹਿਲਾਂ ਤਿੰਨ ਵਾਰ ਸਿਆਸੀ ਅਤੇ ਪ੍ਰਸ਼ਾਸਨਿਕ ਦਬਾਅ ਹੇਠ ਮੁਲਤਵੀ ਕੀਤਾ ਗਿਆ ਸੀ। ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਆਗੂ ਅਸ਼ੋਕ ਚੌਧਰੀ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਵਿਕਾਸ ਦੀ ਜਿੱਤ ਹੈ ਅਤੇ ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਸਪੱਸ਼ਟ ਫੈਸਲਾ ਦਿੱਤਾ ਹੈ।
ਦੂਜੇ ਪਾਸੇ, ‘ਆਪ’ ਦੇ ਮੈਂਬਰਾਂ ਦੀ ਗੈਰਹਾਜ਼ਰੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸੱਤਾਧਾਰੀ ਧਿਰ ਹਾਲੇ ਇਸ ਨਤੀਜੇ ਨੂੰ ਸਵੀਕਾਰ ਕਰਨ ਦੇ ਮੂਡ ਵਿੱਚ ਨਹੀਂ ਹੈ। ਇਸ ਮਾਮਲੇ ‘ਤੇ ਪਾਰਟੀ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।

ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਦੋਰਾਂਗਲਾ ਬਲਾਕ ਸੰਮਤੀ ਵਿੱਚ ਵੀ ਕਾਂਗਰਸ ਸਪੱਸ਼ਟ ਬਹੁਮਤ ਨਾਲ ਜਿੱਤ ਦਰਜ ਕਰ ਚੁੱਕੀ ਹੈ। ਇਸ ਤਰ੍ਹਾਂ ਦੀਨਾਨਗਰ ਹਲਕੇ ਦੇ ਦੋਵੇਂ ਬਲਾਕਾਂ ਵਿੱਚ ਕਾਂਗਰਸ ਨੇ ਆਪਣੀ ਮਜ਼ਬੂਤ ਪਕੜ ਬਣਾਈ ਰੱਖੀ ਹੈ।


Share & like

Leave a Reply