ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 27 ਮਾਰਚ
ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸ਼ੋਰ ਸਿੱਖਿਆ ਪ੍ਰੋਗ੍ਰਾਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਪ੍ਰਾਈਵੇਟ, ਸਰਕਾਰੀ ਅਤੇ ਏਡਿਡ ਸਕੂਲਾਂ ਦੇ ਵਿਦਿਆਰਥੀਆਂ ਲਈ ਜ਼ਿਲ੍ਹਾ ਪੱਧਰੀ ਮੁਕਾਬਲੇ ਗੋਲਡਨ ਕਾਲਜ ਆਫ ਇੰਜੀਨਿਅਰਿੰਗ ਵਿਖੇ ਕਰਵਾਏ ਗਏ। ਇਸ ਸਮਾਗਮ ਵਿੱਚ ਸੁਪਰਡੈਂਟ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ (ਸੈ: ਸਿੱਖਿਆ) ਸ੍ਰੀ ਪ੍ਰਬੋਧ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਜ਼ਿਲ੍ਹਾ ਨੋਡਲ ਅਫਸਰ ਸ: ਅਮਰਜੀਤ ਸਿੰਘ ਪੁਰੇਵਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਪ੍ਰੋਗ੍ਰਾਮ ਬਾਰੇ ਜਾਣਕਾਰੀ ਦਿੰਦਿਆਂ ਸ: ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਜਾਗਰੂਕਤਾ ਵਧਾਉਣ ਲਈ ਏਡਜ਼ ਵਿਸ਼ੇ ‘ਤੇ ਪੋਸਟਰ ਮੇਕਿੰਗ, ਲੇਖ ਲੇਖਨ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ। ਲੇਖ ਮੁਕਾਬਲੇ ਵਿੱਚ ਗੁਰਦਾਸ ਕੁਮਾਰ (ਸਮਿਸ ਕੈਂਪ ਬਟਾਲਾ) ਨੇ ਪਹਿਲਾ, ਮੰਗਾ ਸਿੰਘ (ਸਸਸਸ ਝੜੋਲੀ) ਨੇ ਦੂਸਰਾ ਅਤੇ ਗੁਰਸ਼ਰਨ ਕੌਰ (ਸਕੂਲ ਆਫ ਐਮੀਨੈਂਸ ਗੁਰਦਾਸਪੁਰ) ਨੇ ਤੀਸਰਾ ਸਥਾਨ ਹਾਸਲ ਕੀਤਾ।
ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਰਨੂਰ ਕੁਮਾਰ (ਸਮਿਸ ਕੈਂਪ ਬਟਾਲਾ) ਪਹਿਲੇ, ਸੁਮੀਤ ਕੁਮਾਰ (ਸਸਸਸ ਕਲੀਜਪੁਰ) ਦੂਸਰੇ ਅਤੇ ਨਿਖਿਲ ਸਲੋਤਰਾ (ਸਮਿਸ ਨਬੀਪੁਰ) ਤੀਸਰੇ ਸਥਾਨ ‘ਤੇ ਰਹੇ। ਇਸੇ ਤਰ੍ਹਾਂ ਰੰਗੋਲੀ ਮੁਕਾਬਲੇ ਵਿੱਚ ਪ੍ਰਭਲੀਨ ਕੌਰ (ਸ਼੍ਰੀ ਅਦਵੈਤ ਗੁਰੂਕੁਲ ਹਾਈਟਸ ਸਕੂਲ, ਗੁਰਦਾਸਪੁਰ) ਨੇ ਪਹਿਲਾ, ਸਿਮਰਪ੍ਰੀਤ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੁੜੀਆਂ, ਗੁਰਦਾਸਪੁਰ) ਨੇ ਦੂਸਰਾ ਅਤੇ ਦੀਪਿਕਾ (ਸ ਹਾ ਸ ਬੱਬੇਹਾਲੀ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਸ: ਪੁਰੇਵਾਲ ਨੇ ਵਿਸ਼ਵ ਏਡਜ਼ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਕਿ ਇਹ ਦਿਵਸ ਸਭ ਤੋਂ ਪਹਿਲਾਂ ਸਾਲ 1988 ਵਿੱਚ ਮਨਾਇਆ ਗਿਆ ਸੀ ਅਤੇ ਅੱਜ ਇਹ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਏਡਜ਼ ਐਚ.ਆਈ.ਵੀ. ਵਾਇਰਸ ਨਾਲ ਫੈਲਦੀ ਬਿਮਾਰੀ ਹੈ ਅਤੇ ਇਸ ਨਾਲ ਪ੍ਰਭਾਵਿਤ ਲੋਕਾਂ ਨਾਲ ਕਿਸੇ ਵੀ ਕਿਸਮ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਬਿਮਾਰੀ ਹੱਥ ਮਿਲਾਉਣ, ਗਲੇ ਮਿਲਣ ਜਾਂ ਖਾਣਾ ਸਾਂਝਾ ਕਰਨ ਨਾਲ ਨਹੀਂ ਫੈਲਦੀ।
ਅੰਤ ਵਿੱਚ ਮੁੱਖ ਮਹਿਮਾਨ ਸ੍ਰੀ ਪ੍ਰਬੋਧ ਕੁਮਾਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਨੋਡਲ ਅਫਸਰ ਵੱਲੋਂ ਮੁੱਖ ਮਹਿਮਾਨ ਅਤੇ ਹੋਰ ਵਿਸ਼ੇਸ਼ ਅਤਿਥੀਆਂ ਨੂੰ ਮੀਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੱਜਾਂ ਵਜੋਂ ਲੈਕਚਰਾਰ ਕੁਲਵਿੰਦਰ ਕੌਰ, ਕਰਮਜੀਤ ਕੌਰ, ਹਰਪ੍ਰੀਤ ਕੌਰ, ਨਵਜੀਤ ਕੌਰ, ਪ੍ਰਿਆ ਤੁਲੀ ਅਤੇ ਬਿਕਰਮਜੀਤ ਸਿੰਘ ਨੇ ਆਪਣੀ ਭੂਮਿਕਾ ਨਿਭਾਈ। ਸਟੇਜ ਸਕੱਤਰ ਮੈਡਮ ਸ਼ੈਲਜਾ ਨੇ ਸਮੂਹ ਜੇਤੂਆਂ ਨੂੰ ਵਧਾਈ ਦਿੱਤੀ। ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਕੈਪਸ਼ਨ: ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸੁਪਰਡੈਂਟ ਸ੍ਰੀ ਪ੍ਰਬੋਧ ਕੁਮਾਰ ਅਤੇ ਜ਼ਿਲ੍ਹਾ ਨੋਡਲ ਅਫਸਰ ਸ: ਅਮਰਜੀਤ ਸਿੰਘ ਪੁਰੇਵਾਲ।










