ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 19 ਮਾਰਚ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ “ਆਪਣਾ ਕਾਰੋਬਾਰ, ਆਪਣੀ ਪਹਿਚਾਣ” ਮੁਹਿੰਮ ਤਹਿਤ ਸਫਲ ਉੱਦਮੀ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ। ਇਹ ਸਮਾਗਮ ਪੰਜਾਬ ਰਾਜ ਦਿਹਾਤੀ ਆਜੀਵੀਕਾ ਮਿਸ਼ਨ (PSRLM) ਅਧੀਨ ਪੇਂਡੂ ਵਿਕਾਸ ਅਤੇ ਪੰਚਾਇਤਾ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ।
ਇਸ ਮੌਕੇ ਗੁਰਦਾਸਪੁਰ ਹਲਕੇ ਦੇ ਪਿੰਡ ਬੱਬੇਹਾਲੀ ਦੀ ਉੱਦਮੀ ਮਹਿਲਾ ਸੰਦੀਪ ਕੌਰ (ਪਤਨੀ ਮੋਨਾਵਰ ਮਸੀਹ) ਨੂੰ ਉਨ੍ਹਾਂ ਦੀ ਉਪਲਬਧੀਆਂ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ 25 ਹਜ਼ਾਰ ਰੁਪਏ ਦੀ ਰਕਮ ਅਤੇ ਮੋਮੈਂਟੋ ਦੇ ਕੇ ਨਿਵਾਜਿਆ ਗਿਆ।
ਹਲਕਾ ਇੰਚਾਰਜ ਸ੍ਰੀ ਰਮਨ ਬਹਿਲ ਨੇ ਸੰਦੀਪ ਕੌਰ ਨੂੰ ਇਸ ਮਾਣਯੋਗ ਸਨਮਾਨ ਲਈ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਅੱਗੇ ਵਧਣ ਲਈ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮਹਿਲਾਵਾਂ ਹੋਰਾਂ ਲਈ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। “ਆਪਣਾ ਕਾਰੋਬਾਰ, ਆਪਣੀ ਪਹਿਚਾਣ” ਵਰਗੀਆਂ ਯੋਜਨਾਵਾਂ ਰਾਹੀਂ ਪੇਂਡੂ ਖੇਤਰਾਂ ਵਿੱਚ ਮਹਿਲਾਵਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦਾ ਮੌਕਾ ਮਿਲ ਰਿਹਾ ਹੈ।
ਸੰਦੀਪ ਕੌਰ ਨੇ ਦੱਸਿਆ ਕਿ ਉਹ ਸਾਲ 2008 ਤੋਂ ਹੱਥ ਨਾਲ ਤਿਆਰ ਕੀਤੇ ਆਰਟੀਫਿਸ਼ਲ ਗਹਿਣਿਆਂ ਦਾ ਕੰਮ ਕਰ ਰਹੀ ਹੈ ਅਤੇ ਆਪਣੀ ਮਿਹਨਤ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਮਿਲਿਆ ਇਹ ਸਨਮਾਨ ਉਸ ਲਈ ਬਹੁਤ ਮਾਣ ਵਾਲੀ ਗੱਲ ਹੈ।
ਇਸ ਮੌਕੇ ਸੰਦੀਪ ਕੌਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸ੍ਰੀ ਰਮਨ ਬਹਿਲ ਦਾ ਦਿਲੋਂ ਧੰਨਵਾਦ ਕੀਤਾ।

ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮਿਹਨਤੀ ਅਤੇ ਹੁਨਰਮੰਦ ਮਹਿਲਾਵਾਂ ਸਮਾਜ ਦੀ ਅਸਲ ਤਾਕਤ ਹਨ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਂਦੀ ਰਹੇਗੀ।










