ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 8 ਫ਼ਰਵਰੀ
ਕਥਿਤ ਤੌਰ ’ਤੇ 24–25 ਫ਼ਰਵਰੀ ਦੀ ਰਾਤ ਨੂੰ ਹੋਏ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਹੁਣ 9 ਮਾਰਚ ਨੂੰ ਸਸਕਾਰ ਕੀਤਾ ਜਾਵੇਗਾ। ਇਹ ਫੈਸਲਾ ਰਣਜੀਤ ਸਿੰਘ ਪੁਲਿਸ ਮੁਕਾਬਲਾ ਵਿਰੋਧੀ ਐਕਸ਼ਨ ਕਮੇਟੀ ਅਤੇ ਸਮੁੱਚੇ ਪਰਿਵਾਰ ਦੀ ਸਹਿਮਤੀ ਨਾਲ ਲਿਆ ਗਿਆ ਹੈ।
ਇਸ ਸਬੰਧੀ ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ, ਚਾਚਾ ਚੰਦਨਪੁਰੀ ਸਿੰਘ ਅਤੇ ਤਾਇਆ ਹਰਵਿੰਦਰ ਸਿੰਘ ਮਲੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਡੈੱਡ ਬਾਡੀ ਦਾ ਸਸਕਾਰ ਇਸ ਲਈ ਨਹੀਂ ਕੀਤਾ ਸੀ ਤਾਂ ਜੋ ਪੰਜਾਬ ਸਰਕਾਰ ਜਾਂ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਪੰਜਾਬ-ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਜਾਂ ਸੀਬੀਆਈ ਤੋਂ ਕਰਵਾਉਣ ਦੀ ਗਰੰਟੀ ਦਿੱਤੀ ਜਾਵੇ।
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਪੰਜਾਬ-ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਵੱਲੋਂ ਇਸ ਪੁਲਿਸ ਮੁਕਾਬਲੇ ਦਾ ਸੂ ਮੋਟੋ ਨੋਟਿਸ ਲੈ ਲਿਆ ਗਿਆ ਹੈ। ਇਸ ਤੋਂ ਬਾਅਦ ਐਕਸ਼ਨ ਕਮੇਟੀ ਨੇ ਇਕਰਾਇ ਨਾਲ ਫੈਸਲਾ ਕੀਤਾ ਹੈ ਕਿ 9 ਮਾਰਚ ਨੂੰ ਪਿੰਡ ਆਦੀਆਂ ਵਿੱਚ ਰਣਜੀਤ ਸਿੰਘ ਦੀ ਡੈੱਡ ਬਾਡੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਹਾਲਾਂਕਿ ਪਹਿਲਾਂ ਐਕਸ਼ਨ ਕਮੇਟੀ ਨੇ 9 ਮਾਰਚ ਨੂੰ ਡੀਸੀ ਦਫ਼ਤਰ ਗੁਰਦਾਸਪੁਰ ਦੇ ਘੇਰਾਅ ਦਾ ਐਲਾਨ ਕੀਤਾ ਸੀ, ਪਰ ਹੁਣ ਇਸ ਫੈਸਲੇ ਨੂੰ ਬਦਲ ਦਿੱਤਾ ਗਿਆ ਹੈ। ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਡੀਸੀ ਦਫ਼ਤਰ ਪਹੁੰਚਣ ਦੀ ਬਜਾਏ 9 ਮਾਰਚ ਨੂੰ ਸਵੇਰੇ 11 ਵਜੇ ਪਿੰਡ ਆਦੀਆਂ ਵਿਖੇ ਪਹੁੰਚਣ ਤਾਂ ਜੋ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਅੰਤਿਮ ਵਿਦਾਇਗੀ ਦਿੱਤੀ ਜਾ ਸਕੇ।
ਐਕਸ਼ਨ ਕਮੇਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਡੈੱਡ ਬਾਡੀ ਦਾ ਸਸਕਾਰ ਕਰਨ ਤੋਂ ਬਾਅਦ ਵੀ ਸੰਘਰਸ਼ ਖਤਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਥਿਤ ਝੂਠੇ ਪੁਲਿਸ ਮੁਕਾਬਲੇ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਮੁਅੱਤਲੀ ਦੀ ਕਾਰਵਾਈ ਅਤੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਅਗਲੀ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਰਣਨੀਤੀ ਤੈਅ ਕੀਤੀ ਜਾਵੇਗੀ।
ਇਸ ਦੌਰਾਨ ਐਕਸ਼ਨ ਕਮੇਟੀ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਨਵੀਂ ਦਿੱਲੀ ਵਿੱਚ ਸਥਿਤ ਸਾਊਦੀ ਅਰਬ ਦੇ ਦੂਤਾਵਾਸ ਨੂੰ ਵੀ ਅਪੀਲ ਕੀਤੀ ਹੈ ਕਿ ਸਾਊਦੀ ਅਰਬ ਵਿੱਚ ਕੰਮ ਕਰ ਰਹੇ ਰਣਜੀਤ ਸਿੰਘ ਦੇ ਪਿਤਾ ਬਿਕਰਮਜੀਤ ਸਿੰਘ ਨੂੰ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਬਿਕਰਮਜੀਤ ਸਿੰਘ ਪਿਛਲੇ ਕਰੀਬ 10 ਸਾਲਾਂ ਤੋਂ ਸਾਊਦੀ ਅਰਬ ਵਿੱਚ ਰੋਜ਼ਗਾਰ ਲਈ ਗਏ ਹੋਏ ਹਨ, ਪਰ ਮੌਜੂਦਾ ਹਾਲਾਤਾਂ ਅਤੇ ਰੋਜ਼ਿਆਂ ਕਾਰਨ ਉਹ ਹਾਲੇ ਤੱਕ ਵਾਪਸ ਨਹੀਂ ਆ ਸਕੇ।

ਇਸ ਮੌਕੇ ਹੋਈ ਮੀਟਿੰਗ ਵਿੱਚ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ਗੁਲਜਾਰ ਸਿੰਘ ਬਸੰਤਕੋਟ, ਜਗਜੀਤ ਸਿੰਘ ਅਲੂਣਾ, ਰਘਬੀਰ ਸਿੰਘ ਚਾਹਲ, ਅਨੋਖ ਸਿੰਘ ਸੁਲਤਾਨੀ, ਐਸਪੀ ਗੋਸਲ, ਹਰਜੀਤ ਸਿੰਘ ਕਾਹਲੋ, ਦਲਬੀਰ ਸਿੰਘ ਚਾਹਲ, ਪ੍ਰੇਮ ਮਸੀਹ ਸੋਨਾ, ਅਰਜਨ ਸਿੰਘ ਹਰਦਾਨ ਅਤੇ ਸੰਜੀਵ ਮਿੰਟੂ ਆਦਿ ਵੀ ਮੌਜੂਦ ਸਨ।










