ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 3 ਮਾਰਚ:
ਆਦੀਆਂ ਪੁਲੀਸ ਪੋਸਟ ’ਤੇ ਦੋ ਪੁਲੀਸ ਕਰਮਚਾਰੀਆਂ ਦੀ ਹੱਤਿਆ ਦੇ ਮਾਮਲੇ ਵਿੱਚ ਕਥਿਤ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ ਰਣਜੀਤ ਸਿੰਘ ਦਾ ਪੋਸਟਮਾਰਟਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਡਾਕਟਰਾਂ ਦੇ ਬੋਰਡ ਵੱਲੋਂ ਕੀਤਾ ਗਿਆ। ਇਹ ਕਾਰਵਾਈ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਸੁਰੇਖਾ ਡਡਵਾਲ ਦੀ ਮੌਜੂਦਗੀ ਵਿੱਚ ਹੋਈ ਅਤੇ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ।
ਅਦਾਲਤੀ ਨਿਰਦੇਸ਼ਾਂ ਅਨੁਸਾਰ ਬਣਾਏ ਗਏ ਮੈਡੀਕਲ ਬੋਰਡ ਵਿੱਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਦੋ ਫੋਰੈਂਸਿਕ ਮਾਹਿਰਾਂ ਸਮੇਤ ਗੁਰਦਾਸਪੁਰ ਤੋਂ ਇੱਕ ਡਾਕਟਰ ਸ਼ਾਮਲ ਸੀ। ਮੈਡੀਕਲ ਰਿਪੋਰਟ ਕੁਝ ਦਿਨਾਂ ਵਿੱਚ ਆਉਣ ਦੀ ਸੰਭਾਵਨਾ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਇਸ ਰਿਪੋਰਟ ’ਤੇ ਟਿਕੀਆਂ ਹੋਈਆਂ ਹਨ।
ਪਰਿਵਾਰ ਦਾ ਦੋਸ਼ ਹੈ ਕਿ ਰਣਜੀਤ ਸਿੰਘ ਦੀ ਮੌਤ ਮੁਕਾਬਲੇ ਦੌਰਾਨ ਨਹੀਂ ਹੋਈ, ਸਗੋਂ ਪੁਲੀਸ ਪੁੱਛਗਿੱਛ ਦੌਰਾਨ ਤਸ਼ੱਦਦ ਕਾਰਨ ਹੋਈ ਹੈ। ਪਰਿਵਾਰਕ ਮੈਂਬਰਾਂ ਅਤੇ 11 ਮੈਂਬਰੀ ਸੰਘਰਸ਼ ਕਮੇਟੀ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਸੱਚਾਈ ਸਾਹਮਣੇ ਲਿਆਵੇਗੀ।
ਹਸਪਤਾਲ ਵਿੱਚ ਮੌਜੂਦ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਮਰ ਕ੍ਰਾਂਤੀ ਨੇ ਦੋਸ਼ ਲਗਾਇਆ ਕਿ ਪੁਲੀਸ ਨੇ ਹਿਰਾਸਤ ਵਿੱਚ ਹੋਈ ਮੌਤ ਨੂੰ ਮੁਕਾਬਲੇ ਦਾ ਰੂਪ ਦਿੱਤਾ ਹੈ। ਉਨ੍ਹਾਂ ਮੁਤਾਬਕ ਸੀਆਈਏ ਇੰਚਾਰਜ ਗੁਰਮੀਤ ਸਿੰਘ ਇਸ ਮਾਮਲੇ ਵਿੱਚ ਮੁੱਖ ਸ਼ੱਕੀ ਹੈ ਕਿਉਂਕਿ ਉਹ ਰਣਜੀਤ ਤੋਂ ਪੁੱਛਗਿੱਛ ਕਰ ਰਿਹਾ ਸੀ।
ਪੋਸਟਮਾਰਟਮ ਮਗਰੋਂ ਪੁਲੀਸ ਵੱਲੋਂ ਪਰਿਵਾਰ ’ਤੇ ਅੰਤਿਮ ਸੰਸਕਾਰ ਕਰਨ ਲਈ ਦਬਾਅ ਬਣਾਉਣ ਦੇ ਦੋਸ਼ ਵੀ ਸਾਹਮਣੇ ਆਏ ਹਨ। ਹਾਲਾਂਕਿ ਪਰਿਵਾਰ ਅਤੇ ਸੰਘਰਸ਼ ਕਮੇਟੀ ਨੇ ਦੇਰ ਸ਼ਾਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਪਿਤਾ ਦੁਬਈ ਵਿੱਚ ਇੱਕ ਮਾਮਲੇ ਸਬੰਧੀ ਜੇਲ੍ਹ ਵਿੱਚ ਬੰਦ ਹੈ, ਜਿਸ ਕਾਰਨ ਪਰਿਵਾਰ ਨੂੰ ਅੰਤਿਮ ਫ਼ੈਸਲਾ ਕਰਨ ਲਈ ਸਮਾਂ ਚਾਹੀਦਾ ਹੈ।
ਇਸ ਸਥਿਤੀ ਦੇ ਚਲਦਿਆਂ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ। ਆਖ਼ਰਕਾਰ ਪੁਲੀਸ ਅਤੇ ਪਰਿਵਾਰ ਵਿਚਾਲੇ ਗੱਲਬਾਤ ਤੋਂ ਬਾਅਦ ਇਹ ਸਹਿਮਤੀ ਬਣੀ ਕਿ ਰਣਜੀਤ ਸਿੰਘ ਦੀ ਦੇਹ ਬੁੱਧਵਾਰ ਸਵੇਰੇ ਹਸਪਤਾਲ ਤੋਂ ਲਿਜਾਈ ਜਾਵੇਗੀ ਅਤੇ ਅੰਤਿਮ ਸੰਸਕਾਰ ਸਬੰਧੀ ਫ਼ੈਸਲਾ ਆਪਸੀ ਮਸ਼ਵਰੇ ਨਾਲ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਦੀ ਸ਼ਿਕਾਇਤ ’ਤੇ ਅਦਾਲਤ ਨੇ ਮਾਮਲੇ ਨਾਲ ਜੁੜੇ ਪੁਲੀਸ ਅਧਿਕਾਰੀਆਂ ਦੀਆਂ ਕਾਲ ਡਿਟੇਲਜ਼ ਅਤੇ ਜੀਪੀਐਸ ਰਿਕਾਰਡ ਸੁਰੱਖਿਅਤ ਰੱਖਣ ਦੇ ਹੁਕਮ ਜਾਰੀ ਕੀਤੇ ਸਨ। ਨਾਲ ਹੀ ਘਟਨਾ ਸਥਾਨ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ, ਜੇ ਉਪਲਬਧ ਹੋਵੇ, ਸੰਭਾਲ ਕੇ ਜਾਂਚ ਵਿੱਚ ਸ਼ਾਮਲ ਕਰਨ ਲਈ ਕਿਹਾ ਗਿਆ ਹੈ।
ਅਦਾਲਤ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਸੀਆਈਏ ਇੰਚਾਰਜ ਗੁਰਮੀਤ ਸਿੰਘ, ਜਿਸ ਨੂੰ ਮੁਕਾਬਲੇ ਦੌਰਾਨ ਜ਼ਖ਼ਮੀ ਦਰਸਾਇਆ ਗਿਆ ਹੈ, ਦੇ ਮੈਡੀਕਲ ਰਿਕਾਰਡ ਦੀ ਜਾਂਚ ਕੀਤੀ ਜਾਵੇ। ਐਸਐਮਓ ਗੁਰਦਾਸਪੁਰ ਨੂੰ ਤਿੰਨ ਡਾਕਟਰਾਂ ਦਾ ਬੋਰਡ ਗਠਿਤ ਕਰਕੇ ਉਸ ਦੀ ਬਾਂਹ ’ਤੇ ਲੱਗੀ ਗੋਲੀ ਦੇ ਜ਼ਖ਼ਮ ਦੀ ਵਿਸਥਾਰਤ ਜਾਂਚ ਕਰਕੇ ਰਿਪੋਰਟ ਇਲਾਕਾ ਮੈਜਿਸਟ੍ਰੇਟ ਨੂੰ ਸੌਂਪਣ ਦੇ ਹੁਕਮ ਦਿੱਤੇ ਗਏ ਹਨ।

ਹੁਣ ਪੋਸਟਮਾਰਟਮ ਰਿਪੋਰਟ ਅਤੇ ਅਦਾਲਤੀ ਜਾਂਚ ਦੇ ਨਤੀਜਿਆਂ ਨਾਲ ਹੀ ਇਹ ਸਪਸ਼ਟ ਹੋਵੇਗਾ ਕਿ ਰਣਜੀਤ ਸਿੰਘ ਦੀ ਮੌਤ ਮੁਕਾਬਲੇ ਵਿੱਚ ਲੱਗੀ ਗੋਲੀ ਕਾਰਨ ਹੋਈ ਜਾਂ ਕਿਸੇ ਹੋਰ ਕਾਰਨ ਨਾਲ। ਇਲਾਕੇ ਵਿੱਚ ਇਸ ਮਾਮਲੇ ਨੂੰ ਲੈ ਕੇ ਤਣਾਅ ਅਤੇ ਚਰਚਾ ਜਾਰੀ ਹੈ।










