Share & like

ਦੋ ਮਾਸੂਮ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ, ਗ੍ਰਿਫ਼ਤਾਰੀ ਨਾ ਹੋਣ ‘ਤੇ ਬੱਬਰੀ ਬਾਈਪਾਸ ‘ਤੇ ਲੋਕਾਂ ਨੇ ਲਾਇਆ ਜਾਮ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 13 ਫਰਵਰੀ:
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਝਾਵਰ ਨੇੜੇ ਵੀਰਵਾਰ ਸ਼ਾਮ ਇੱਕ ਦਿਲ ਦਹਲਾ ਦੇਣ ਵਾਲੇ ਸੜਕ ਹਾਦਸੇ ਵਿੱਚ ਮਿੱਟੀ ਨਾਲ ਭਰੀ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਮਾਸੂਮ ਚਚੇਰੇ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਮ੍ਰਿਤਕ ਬੱਚਿਆਂ ਦੀ ਪਛਾਣ ਮਨਪ੍ਰੀਤ (11) ਪੁੱਤਰ ਮਨਜਿੰਦਰ ਕੁਮਾਰ ਅਤੇ ਹਰਪ੍ਰੀਤ (10) ਪੁੱਤਰ ਤਰਵਿੰਦਰ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਬੱਚਿਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਸਨ ਅਤੇ ਉਹ ਡਰਾਇੰਗ ਦੇ ਪੇਪਰ ਲਈ ਰੰਗ ਖਰੀਦਣ ਲਈ ਬਜ਼ਾਰ ਜਾ ਰਹੇ ਸਨ। ਮਨਜਿੰਦਰ ਕੁਮਾਰ ਉਨ੍ਹਾਂ ਨੂੰ ਮੋਟਰਸਾਈਕਲ ‘ਤੇ ਲੈ ਕੇ ਗਿਆ ਸੀ। ਵਾਪਸੀ ਦੌਰਾਨ ਤੇਜ਼ ਰਫ਼ਤਾਰ ਅਤੇ ਓਵਰਲੋਡਿਡ ਟਰਾਲੀ ਨੇ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਮਾਸੂਮਾਂ ਦੀ ਜਾਨ ਚਲੀ ਗਈ।
ਹਾਦਸੇ ਤੋਂ ਬਾਅਦ ਇਲਾਕੇ ਵਿੱਚ ਗ਼ਮ ਅਤੇ ਗੁੱਸੇ ਦਾ ਮਾਹੌਲ ਬਣ ਗਿਆ। ਗ੍ਰਿਫ਼ਤਾਰੀ ਵਿੱਚ ਦੇਰੀ ਤੋਂ ਨਾਰਾਜ਼ ਲੋਕਾਂ ਨੇ ਬੱਬਰੀ ਬਾਈਪਾਸ ‘ਤੇ ਜਾਮ ਲਗਾ ਕੇ ਪ੍ਰਸ਼ਾਸਨ ਵਿਰੁੱਧ ਨਾਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸੜਕਾਂ ‘ਤੇ ਬੇਰੋਕ-ਟੋਕ ਦੌੜ ਰਹੀਆਂ ਓਵਰਲੋਡਿਡ ਅਤੇ ਤੇਜ਼ ਰਫ਼ਤਾਰ ਟਰੈਕਟਰ-ਟਰਾਲੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।
ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਮੁਲਜ਼ਮ ਬਲਵਿੰਦਰ ਸਿੰਘ (ਵਾਸੀ ਝਾਵਰ) ਅਤੇ ਬਾਬੀ ਮਸੀਹ (ਵਾਸੀ ਬਾਜੇਚੱਕ) ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਇਸ ਦਿਲ ਕੰਬਾਊ ਘਟਨਾ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਅਤੇ ਓਵਰਲੋਡ ਵਾਹਨਾਂ ਦੇ ਮਸਲੇ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਲਈ ਕੜੇ ਕਦਮ ਚੁੱਕੇ ਜਾਣ ਤਾਂ ਜੋ ਹੋਰ ਮਾਸੂਮ ਜ਼ਿੰਦਗੀਆਂ ਬਚਾਈਆਂ ਜਾ ਸਕਣ।


Share & like

Leave a Reply