ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 29 ਜਨਵਰੀ
ਕਲਕੱਤਾ ਵਿੱਚ ਹੋਈ ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ 2026 ਵਿੱਚ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ, ਗੁਰਦਾਸਪੁਰ ਦੇ ਦੋ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਰਾਊਂਜ਼ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਸ੍ਰੀ ਮਤੀ ਧੰਨ ਦੇਵੀ ਡੀ.ਏ.ਵੀ. ਸਕੂਲ ਦੇ ਵਿਦਿਆਰਥੀ ਹਰਪੁਨੀਤ ਕੌਰ ਅਤੇ ਰਿਹਾਨ ਸ਼ਰਮਾ ਨੇ ਆਪਣੇ-ਆਪਣੇ ਭਾਰ ਵਰਗਾਂ ਵਿੱਚ ਮੈਡਲ ਹਾਸਲ ਕੀਤੇ।
ਹਰਪੁਨੀਤ ਕੌਰ ਰਾਵਲਪਿੰਡੀ ਨੇ +78 ਕਿਲੋਗ੍ਰਾਮ ਭਾਰ ਵਰਗ ਵਿੱਚ ਜਦਕਿ ਰਿਹਾਨ ਸ਼ਰਮਾ ਨੇ 100 ਕਿਲੋਗ੍ਰਾਮ ਭਾਰ ਵਰਗ ਵਿੱਚ ਬਰਾਊਂਜ਼ ਮੈਡਲ ਜਿੱਤਿਆ। ਮੈਡਲ ਜਿੱਤ ਕੇ ਸੈਂਟਰ ਵਾਪਸੀ ’ਤੇ ਜ਼ਿਲ੍ਹਾ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਵੱਲੋਂ ਦੋਹਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸੈਂਟਰ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਸਾਲ 2026 ਖਿਡਾਰੀਆਂ ਲਈ ਸੁਨਹਿਰੀ ਇਤਿਹਾਸ ਸਿਰਜ ਰਿਹਾ ਹੈ। ਕੋਚ ਰਵੀ ਕੁਮਾਰ ਨੇ ਦੱਸਿਆ ਕਿ ਦੋਵੇਂ ਖਿਡਾਰੀ ਭਾਰਤੀ ਜੂਨੀਅਰ ਜੂਡੋ ਟੀਮ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 10,000 ਰੁਪਏ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ ਅਤੇ ਖੇਡ ਨੀਤੀ ਅਨੁਸਾਰ 3 ਫੀਸਦੀ ਖੇਡ ਕੋਟੇ ਹੇਠ ਨੌਕਰੀ ਲਈ ਵੀ ਯੋਗ ਹੋ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਅੰਡਰ-18 ਉਮਰ ਹੋਣ ਦੇ ਬਾਵਜੂਦ ਅੰਡਰ-21 ਵਰਗ ਵਿੱਚ ਮੈਡਲ ਜਿੱਤ ਕੇ ਦੋਹਾਂ ਖਿਡਾਰੀਆਂ ਨੇ ਇਤਿਹਾਸ ਰਚਿਆ ਹੈ। ਪੰਜਾਬ ਟੀਮ ਦੀ ਮੈਨੇਜਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਜਾਣਕਾਰੀ ਦਿੱਤੀ ਕਿ ਕਲਕੱਤੇ ਵਿੱਚ ਪੰਜਾਬ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।

ਆਉਣ ਵਾਲੇ ਦਿਨਾਂ ਵਿੱਚ ਇਹ ਖਿਡਾਰੀ 69ਵੀਂ ਨੈਸ਼ਨਲ ਸਕੂਲ ਗੇਮਜ਼ ਜੂਡੋ ਚੈਂਪੀਅਨਸ਼ਿਪ (ਅੰਡਰ-19) ਦਿੱਲੀ ਵਿੱਚ ਭਾਗ ਲੈਣਗੇ। ਇਸ ਮੌਕੇ ਸੀਨੀਅਰ ਖਿਡਾਰੀਆਂ ਅਤੇ ਅਧਿਕਾਰੀਆਂ ਵਰਿੰਦਰ ਸਿੰਘ ਸੰਧੂ, ਕਪਿਲ ਕੌਸਲ ਸ਼ਰਮਾ, ਰਾਜ ਕੁਮਾਰ ਸ਼ਰਮਾ, ਸਤੀਸ਼ ਕੁਮਾਰ (ਟੈਕਨੀਕਲ ਚੇਅਰਮੈਨ, ਪੰਜਾਬ), ਸਿਮਰਨਜੀਤ ਸਿੰਘ ਰੰਧਾਵਾ (ਜ਼ਿਲ੍ਹਾ ਖੇਡ ਅਫ਼ਸਰ, ਗੁਰਦਾਸਪੁਰ), ਨਵੀਨ ਸਲਗੋਤਰਾ, ਰਵਿੰਦਰ ਖੰਨਾ, ਅਤੁਲ ਕੁਮਾਰ, ਦਿਨੇਸ਼ ਕੁਮਾਰ ਬਟਾਲਾ, ਡਾ. ਰਵਿੰਦਰ ਸਿੰਘ, ਜਤਿੰਦਰ ਪਾਲ ਸਿੰਘ ਸਾਹਿਲ ਪਠਾਣੀਆਂ, ਵਿਸ਼ਾਲ ਕਾਲੀਆ ਅਤੇ ਸਤਿੰਦਰ ਪਾਲ ਸਿੰਘ, ਗਗਨਦੀਪ ਸ਼ਰਮਾ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਜਲੇ ਭਵਿੱਖ ਦੀ ਕਾਮਨਾ ਕੀਤੀ।










