Share & like

ਰੋਜ਼ਾਨਾ ਖ਼ਬਰ
ਗੁਰਦਾਸਪੁਰ, 20 ਜਨਵਰੀ
ਬਹਿਰਾਮਪੁਰ ਪੁਲਿਸ ਥਾਣੇ ਸਾਹਮਣੇ 22 ਜਨਵਰੀ ਨੂੰ ਲੱਗਣ ਵਾਲੇ ਧਰਨੇ ਨੂੰ ਜਨਤਕ ਜਥੇਬੰਦੀਆਂ—ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ), ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਪੰਜਾਬ ਸਟੂਡੈਂਟਸ ਯੂਨੀਅਨ—ਵੱਲੋਂ ਪੁਰਜ਼ੋਰ ਹਮਾਇਤ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਕਾਮਰੇਡ ਰਮੇਸ਼ ਰਾਣਾ, ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ, ਜੋਗਿੰਦਰ ਪਾਲ ਘੁਰਾਲਾ, ਗੁਰਮੀਤ ਰਾਜ ਪਾਹੜਾ, ਮੇਜਰ ਸਿੰਘ ਕੋਟ ਟੋਡਰਮੱਲ, ਰਾਜ ਕੁਮਾਰ ਪੰਡੋਰੀ, ਸੱਜਣ ਸਿੰਘ ਰਾਉਵਾਲ ਅਤੇ ਵਿਦਿਆਰਥੀ ਆਗੂ ਅਮਰ ਕ੍ਰਾਂਤੀ ਨੇ ਸਾਂਝੀ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਜਨਵਰੀ ਨੂੰ ਬਹਿਰਾਮਪੁਰ ਥਾਣੇ ਦੀ ਪੁਲਿਸ ਵੱਲੋਂ ਸਥਾਨਕ ਚੌਂਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ।
ਉਹਨਾਂ ਅਨੁਸਾਰ, ਇਸ ਦੌਰਾਨ ਪਿੰਡ ਬ੍ਰਾਹਮਣੀ ਵੱਲੋਂ ਆ ਰਹੇ ਧਰਮਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨੂੰ ਸਿਵਲ ਡਰੈੱਸ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਨੇ ਬਿਨਾਂ ਕਿਸੇ ਵਜ੍ਹਾ ਮਾਰਕੁਟਾਈ ਦਾ ਸ਼ਿਕਾਰ ਬਣਾਇਆ ਅਤੇ ਨਾਲ ਹੀ 1000 ਰੁਪਏ ਦਾ ਚਲਾਨ ਵੀ ਕੱਟ ਦਿੱਤਾ। ਪੁਲਿਸ ਦੀ ਇਸ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਐਸਐਚਓ ਬਹਿਰਾਮਪੁਰ ਨੂੰ ਮਿਲਣ ਗਏ ਪਰ ਉੱਥੇ ਵੀ ਪੁਲਿਸ ਦਾ ਰਵੱਈਆ ਅਹੰਕਾਰਪੂਰਣ ਦੱਸਿਆ ਗਿਆ।

ਜਥੇਬੰਦੀ ਆਗੂਆਂ ਨੇ ਦੋਸ਼ ਲਗਾਇਆ ਕਿ ਐਸਐਚਓ ਵੱਲੋਂ ਕਿਹਾ ਗਿਆ ਕਿ “ਅਸੀਂ ਤਾਂ ਇਸੇ ਤਰ੍ਹਾਂ ਹੀ ਕਰਾਂਗੇ ਕਿਉਂਕਿ ਸਾਡੇ ਉੱਪਰਲੇ ਅਫਸਰਾਂ ਦੇ ਹੁਕਮ ਹਨ।” ਇਸ ਤਰ੍ਹਾਂ ਦੇ ਰਵੱਈਏ ਨੂੰ ਲੋਕਤੰਤਰਿਕ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦਿਆਂ ਜਨਤਕ ਜਥੇਬੰਦੀਆਂ ਨੇ ਐਲਾਨ ਕੀਤਾ ਕਿ 22 ਜਨਵਰੀ ਨੂੰ ਬਹਿਰਾਮਪੁਰ ਥਾਣੇ ਅੱਗੇ ਲੱਗਣ ਵਾਲੇ ਧਰਨੇ ਵਿੱਚ ਸਾਰੀਆਂ ਜਥੇਬੰਦੀਆਂ ਭਰਵਾਂ ਸਹਿਯੋਗ ਦੇਣਗੀਆਂ ਅਤੇ ਪੁਲਿਸ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।


Share & like

Leave a Reply