
ਵਧੀਆ ਅਕਾਦਮਿਕ ਕਾਰਗੁਜ਼ਾਰੀ ਵਾਲੇ ਅਧਿਆਪਕ, ਬੀਆਰਸੀ ਅਤੇ ਰਿਸੋਰਸ ਪਰਸਨ ਸਨਮਾਨਿਤ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 15 ਜਨਵਰੀ
ਸਕੂਲ ਸਿੱਖਿਆ ਵਿਭਾਗ ਗੁਰਦਾਸਪੁਰ ਵੱਲੋਂ ਨੈਸ਼ਨਲ ਗਣਿਤ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਰੋਹ ਦੀਨਾਨਗਰ ਸਥਿਤ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿੱਚ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਗਣਿਤ ਵਿਸ਼ੇ ਪ੍ਰਤੀ ਵਿਦਿਆਰਥੀਆਂ ਵਿੱਚ ਦਿਲਚਸਪੀ ਵਧਾਉਣਾ ਅਤੇ ਸਿੱਖਿਆ ਦੇ ਖੇਤਰ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਤੇ ਸਕੂਲਾਂ ਨੂੰ ਪ੍ਰੋਤਸਾਹਿਤ ਕਰਨਾ ਸੀ।

ਸਮਾਗਮ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ/ਸੈਕੰਡਰੀ) ਸ਼੍ਰੀਮਤੀ ਪਰਮਜੀਤ ਵੱਲੋਂ ਜਯੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਮਿਸ਼ਨ ਸਮਰੱਥ 3.0 ਤਹਿਤ ਜ਼ਿਲ੍ਹੇ ਦੇ ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਸਕੂਲਾਂ ਵੱਲੋਂ ਅਕਾਦਮਿਕ ਖੇਤਰ ਵਿੱਚ ਕੀਤੀ ਗਈ ਸ਼ਾਨਦਾਰ ਕਾਰਗੁਜ਼ਾਰੀ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।
ਸਮਾਰੋਹ ਦੌਰਾਨ ਚੰਗੀ ਅਕਾਦਮਿਕ ਕਾਰਗੁਜ਼ਾਰੀ ਵਿਖਾਉਣ ਵਾਲੇ ਸਕੂਲ ਮੁੱਖੀਆਂ, ਜਮਾਤ ਇੰਚਾਰਜ ਅਧਿਆਪਕਾਂ, ਜ਼ਿਲ੍ਹੇ ਦੇ ਸਮੂਹ ਬੀਆਰਸੀ (BRC) ਅਤੇ ਸੈਮੀਨਾਰ ਦੌਰਾਨ ਰਿਸੋਰਸ ਪਰਸਨ ਵਜੋਂ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਨੂੰ ਉਚੇਚੇ ਤੌਰ ’ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਪਰਮਜੀਤ ਨੇ ਅਧਿਆਪਕਾਂ ਨਾਲ ਰੁਬਰੂ ਹੁੰਦਿਆਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਹੀ ਕਿਸੇ ਵੀ ਸਕੂਲ ਦੀ ਅਸਲ ਪਛਾਣ ਹੁੰਦੀ ਹੈ। ਉਨ੍ਹਾਂ ਨੇ ਸਕੂਲਾਂ ਅੰਦਰ ਦਾਖ਼ਲੇ ਦੀ ਦਰ ਵਧਾਉਣ ਲਈ ਨਵੇਂ ਉਪਰਾਲੇ ਸ਼ੁਰੂ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਜ਼ਿਲ੍ਹਾ ਗੁਰਦਾਸਪੁਰ ਨੂੰ ਸਿੱਖਿਆ ਦੇ ਖੇਤਰ ਵਿੱਚ ਸੂਬੇ ਦਾ ਮੋਹਰੀ ਜ਼ਿਲ੍ਹਾ ਬਣਾਉਣਾ ਹੈ, ਜੋ ਸਾਰਿਆਂ ਦੇ ਸਾਂਝੇ ਸਹਿਯੋਗ ਨਾਲ ਹੀ ਸੰਭਵ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲਾਂ ਨੂੰ ਮਿਲਣ ਵਾਲੀਆਂ ਗਰਾਂਟਾਂ ਦੀ ਸੁਚੱਜੀ ਅਤੇ ਉਦੇਸ਼ ਅਨੁਸਾਰ ਵਰਤੋਂ ਕਰਨ ਦਾ ਸਖ਼ਤ ਸੁਨੇਹਾ ਵੀ ਦਿੱਤਾ।

ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਅਨਿਲ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਅਧਿਆਪਕਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਆਪਣਾ ਫ਼ਰਜ਼ ਕਿਸੇ ਉੱਚ ਅਧਿਕਾਰੀ ਦੇ ਡਰ ਨਾਲ ਨਹੀਂ, ਸਗੋਂ ਆਪਣੀ ਜ਼ਿੰਮੇਵਾਰੀ ਸਮਝ ਕੇ ਨਿਭਾਉਣਾ ਚਾਹੀਦਾ ਹੈ।
ਇਸ ਮੌਕੇ ਡੀਆਰਸੀ (ਪ੍ਰਾਇਮਰੀ) ਗੁਰਨਾਮ ਸਿੰਘ ਅਤੇ ਡੀਆਰਸੀ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ Emerging Academic School, High Performance School ਅਤੇ Exemplary Academic Excel ਸ਼੍ਰੇਣੀਆਂ ਅਧੀਨ ਅਧਿਆਪਕਾਂ ਅਤੇ ਸਕੂਲਾਂ ਨੂੰ ਉਤਕ੍ਰਿਸ਼ਟ ਅਕਾਦਮਿਕ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।
ਸਮਾਰੋਹ ਦੌਰਾਨ ਪ੍ਰਿੰਸੀਪਲ ਜਸਕਰਨ ਸਿੰਘ, ਪ੍ਰਕਾਸ਼ ਜੋਸ਼ੀ, ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਪਾਲ ਸਿੰਘ ਸੰਧਾਵਾਲੀ, ਹਰਦੀਪ ਸਿੰਘ, ਸੁਰਜੀਤ ਰਾਜ, ਅਮਰਜੀਤ ਸਿੰਘ ਭਾਟੀਆ, ਲਖਵਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਗਣਿਤ ਸਿੱਖਿਆ ਦੀ ਮਹੱਤਤਾ ’ਤੇ ਰੋਸ਼ਨੀ ਪਾਈ।

ਸਟੇਜ ਸਕੱਤਰ ਦੀ ਭੂਮਿਕਾ ਸੀਐੱਚਟੀ ਪਨਿਆੜ ਕੁਸੁਮ ਕਲੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਵਾਈਸ ਪ੍ਰਿੰਸੀਪਲ ਸੁਨੀਤਾ ਵਰਮਾ, ਬੀਪੀਈਓ ਭਾਰਤ ਭੂਸ਼ਣ, ਬੀਪੀਈਓ ਸੁਰੇਸ਼ ਖੰਨਾ, ਅਮਰਜੀਤ ਸਿੰਘ ਕਾਹਨੂੰਵਾਨ, ਮਨਜੀਤ ਸਿੰਘ, ਰਣਜੀਤ ਸਿੰਘ, ਸੰਦੀਪ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਸਿੱਖਿਆ ਅਧਿਕਾਰੀ ਹਾਜ਼ਰ ਸਨ।










