ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 12 ਦਸੰਬਰ
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ/ਸੈਕੰਡਰੀ) ਸ੍ਰੀਮਤੀ ਪਰਮਜੀਤ ਦੀ ਅਗਵਾਈ ਹੇਠ ਅੱਜ ਗੋਲਡਨ ਇੰਜੀਨੀਅਰਿੰਗ ਕਾਲਜ ਗੁਰਦਾਸਪੁਰ ਵਿਖੇ ਇੰਨਰੋਲਮੈਂਟ, ਮੈਗਾ PTM, ਮਿਸ਼ਨ ਸਮਰੱਥ ਅਤੇ ਸਿੱਖਿਆ ਪ੍ਰਬੰਧਨ ਨਾਲ ਸਬੰਧਤ ਇੱਕ ਮਹੱਤਵਪੂਰਣ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਬਲਾਕ ਨੋਡਲ ਅਫਸਰ, ਬੀਪੀਈਓਜ਼, ਡੀਆਰਸੀ, ਬੀਚਾਰਸੀ (ਪ੍ਰਾਇਮਰੀ/ਅੱਪਰ ਪ੍ਰਾਇਮਰੀ), ਸਹਾਇਕ ਬਲਾਕ ਨੋਡਲ ਇੰਚਾਰਜ਼ ਅਤੇ ਸਿੱਖਿਆ ਸੈੱਲਾਂ ਨਾਲ ਜੁੜੇ ਹੋਰ ਅਧਿਕਾਰੀਆਂ ਨੇ ਹਾਜ਼ਰੀ ਭਰੀ।

ਸ੍ਰੀਮਤੀ ਪਰਮਜੀਤ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਦੇ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਨਰੋਲਮੈਂਟ ਮੁਹਿੰਮ ਦੀ ਪ੍ਰਗਤੀ ਬਾਰੇ ਵਿਸਥਾਰ ਨਾਲ ਸਮੀਖਿਆ ਕੀਤੀ। ਉਨ੍ਹਾਂ ਨੇ ਹਰ ਬਲਾਕ ਨੂੰ ਨਿਰਦੇਸ਼ ਦਿੱਤਾ ਕਿ ਇਲਾਕੇ ਵਿੱਚ ਬਚੇ ਹੋਏ ਬੱਚਿਆਂ ਨੂੰ ਲੱਭ ਕੇ ਤੁਰੰਤ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਜਾਵੇ। ਮੁਹਿੰਮ ਦੀਆਂ ਕਮੀਆਂ ਨੂੰ ਦੂਰ ਕਰਕੇ ਟੀਚਿਆਂ ਨੂੰ ਪੂਰਾ ਕਰਨ ਲਈ ਖਾਸ ਰਣਨੀਤੀਆਂ ‘ਤੇ ਵੀ ਵਿਚਾਰ-ਚਰਚਾ ਕੀਤੀ ਗਈ।
ਮੈਗਾ PTM ਨੂੰ ਹਰ ਸਕੂਲ ਵਿੱਚ ਕਾਮਯਾਬ ਬਣਾਉਣ ਲਈ ਘਰ-ਘਰ ਦੌਰੇ, ਪ੍ਰਚਾਰ ਮੁਹਿੰਮਾਂ ਅਤੇ WhatsApp ਗਰੁੱਪਾਂ ਰਾਹੀਂ ਮਾਪਿਆਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਗਏ। ਮਾਪਿਆਂ ਨੂੰ ਬੱਚਿਆਂ ਦੀ ਪ੍ਰਗਤੀ ਨਾਲ ਨਾਲ, ਸਕੂਲਾਂ ਵਿੱਚ ਚੱਲ ਰਹੀਆਂ ਸਰਕਾਰੀ ਯੋਜਨਾਵਾਂ ਅਤੇ ਬੁਨਿਆਦੀ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।

ਮਿਸ਼ਨ ਸਮਰੱਥ ਤਹਿਤ ਬੱਚਿਆਂ ਦੀ ਸਿੱਖਣ ਸਮਰੱਥਾ ਨੂੰ ਮਜ਼ਬੂਤ ਕਰਨ ਵਾਸਤੇ ਕਲਾਸ-ਵਾਈਜ਼ ਬੇਸਲਾਈਨ ਟੈਸਟ, ਪ੍ਰਗਤੀ ਰਿਪੋਰਟਾਂ ਅਤੇ ਕਮਜ਼ੋਰ ਬੱਚਿਆਂ ਲਈ ਰੀਮੀਡੀਅਲ ਕਲਾਸਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਸ੍ਰੀਮਤੀ ਪਰਮਜੀਤ ਨੇ ਕਿਹਾ ਕਿ ਇਹ ਸਭ ਮੁਹਿੰਮਾਂ ਬੱਚਿਆਂ ਦਾ ਭਵਿੱਖ ਨਿਖਾਰਨ ਲਈ ਹੀ ਹਨ ਅਤੇ ਇਹ ਸਾਰੇ ਯਤਨ ਸਰਕਾਰੀ ਸਕੂਲਾਂ ਦੀ ਮਾਣ ਅਤੇ ਪਛਾਣ ਨੂੰ ਹੋਰ ਮਜ਼ਬੂਤ ਕਰਦੇ ਹਨ।
ਮੀਟਿੰਗ ਦੌਰਾਨ ਸਕੂਲਾਂ ਵਿੱਚ ਸਵੱਛਤਾ, ਬੁਨਿਆਦੀ ਸਹੂਲਤਾਂ, ਪਾਠਕ੍ਰਮ ਦੀ ਸਮੇਂ-ਸਿਰ ਪੂਰਤੀ, ਆਨਲਾਈਨ ਡਾਟਾ ਅੱਪਡੇਟਿੰਗ, MIS ਮੋਨੀਟਰਿੰਗ ਅਤੇ ਸਰਕਾਰੀ ਸਕੀਮਾਂ ਦੇ ਸਹੀ ਲਾਭ ਵਿਦਿਆਰਥੀਆਂ ਤੱਕ ਪਹੁੰਚਾਉਣ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।

ਅੰਤ ਵਿੱਚ, ਸਾਰੇ ਅਧਿਕਾਰੀਆਂ ਨੇ ਨਵੇਂ ਜੋਸ਼ ਅਤੇ ਦ੍ਰਿੜ ਨਿਸ਼ਚੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਕਲਪ ਲਿਆ।










