Share & like

ਪੁਰਾਣਾ ਸਿਵਲ ਹਸਪਤਾਲ ਅਤੇ ਪੀ.ਡਬਲਿਊ.ਡੀ. ਰੈਸਟ ਹਾਊਸ ਕਿਸੇ ਵੀ ਹਾਲਤ ਵਿੱਚ ਨਹੀਂ ਵੇਚਣ ਦਿੱਤਾ ਜਾਵੇਗਾ – ਵਿਧਾਇਕ ਪਾਹੜਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 28 ਨਵੰਬਰ
ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ 684 ਗਰੀਬ ਪਰਿਵਾਰਾਂ ਨੂੰ ਪੱਕੇ ਘਰ ਬਣਾਉਣ ਲਈ ਮੁਹੱਈਆ ਕਰਵਾਈ ਜਾਣ ਵਾਲੀ ਗ੍ਰਾਂਟ ਦੀ ਪਹਿਲੀ ਕਿਸਤ ਦੇ ਮਨਜ਼ੂਰੀ ਪੱਤਰ ਵੰਡੇ ਗਏ। ਇਸ ਲਈ ਨਗਰ ਕੌਂਸਲ ਦਫ਼ਤਰ ਵਿੱਚ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਵਿਧਾਇਕ ਪਾਹੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਅਤੇ ਪਾਰਸ਼ਦਾਂ ਦੀ ਮਿਹਨਤ ਨਾਲ ਸ਼ਹਿਰ ਦੇ 684 ਲੋੜਵੰਦ ਪਰਿਵਾਰਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ 50 ਹਜ਼ਾਰ ਰੁਪਏ ਦੀ ਪਹਿਲੀ ਕਿਸਤ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 578 ਪਰਿਵਾਰਾਂ ਨੂੰ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ, ਜਦਕਿ ਹੋਰ 300 ਪਰਿਵਾਰਾਂ ਲਈ ਪ੍ਰਪੋਜ਼ਲ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ, ਜਿਸ ਦੇ ਜਲਦ ਮਨਜ਼ੂਰ ਹੋਣ ਦੀ ਉਮੀਦ ਹੈ।
ਸਮਾਗਮ ਦੌਰਾਨ ਵਿਧਾਇਕ ਪਾਹੜਾ ਨੇ ਮੌਜੂਦਾ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਗੁਰਦਾਸਪੁਰ ਵਿੱਚ ਨਵਾਂ ਬੱਸ ਅੱਡਾ ਬਣਾਇਆ ਗਿਆ ਸੀ, ਜੋ ਇੰਪਰੂਵਮੈਂਟ ਟਰੱਸਟ ਲਈ ਕਰੋੜਾਂ ਰੁਪਏ ਦੀ ਆਮਦਨ ਦਾ ਮਹੱਤਵਪੂਰਣ ਸਾਧਨ ਬਣਿਆ। ਪਰ ਮੌਜੂਦਾ ਸਰਕਾਰ ਦੇ ਆਗੂ ਇਸ ਪੈਸੇ ਨੂੰ ਲੋਕਾਂ ਦੀ ਭਲਾਈ ਦੀ ਬਜਾਏ ਆਪਣੇ ਨਿੱਜੀ ਸਵਾਰਥਾਂ ਲਈ ਵਰਤ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਮਾਂ ਆਉਣ ’ਤੇ ਗਲਤ ਤਰੀਕੇ ਨਾਲ ਖਰਚ ਕੀਤੇ ਗਏ ਇਕ-ਇਕ ਰੁਪਏ ਦਾ ਹਿਸਾਬ ਲਿਆ ਜਾਵੇਗਾ।
ਵਿਧਾਇਕ ਪਾਹੜਾ ਨੇ ਇਹ ਵੀ ਖੁਲਾਸਾ ਕੀਤਾ ਕਿ ਸਰਕਾਰ ਪੁਰਾਣੇ ਸਿਵਲ ਹਸਪਤਾਲ ਅਤੇ ਪੀ.ਡਬਲਿਊ.ਡੀ. ਰੈਸਟ ਹਾਊਸ ਦੀ ਜਗ੍ਹਾ ਵੇਚਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕਰ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਕੀਤਾ ਵਾਅਦਾ ਨਿਭਾਉਂਦੇ ਹੋਏ ਕਿਸੇ ਵੀ ਸੂਰਤ ਵਿੱਚ ਇਹ ਦੋਵੇਂ ਸੰਪਤੀਆਂ ਵੇਚਣ ਨਹੀਂ ਦੇਣਗੇ, ਕਿਉਂਕਿ ਇਹ ਜਗ੍ਹਾਵਾਂ ਸ਼ਹਿਰ ਦੇ ਲੋਕਾਂ ਦੀਆਂ ਸੁਵਿਧਾਵਾਂ ਦਾ ਕੇਂਦਰ ਹਨ।

ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦ ਪਰਿਵਾਰਾਂ ਨੇ ਹਾਜ਼ਰੀ ਭਰੀ ਅਤੇ ਗ੍ਰਾਂਟ ਮਨਜ਼ੂਰੀ ਪੱਤਰ ਪ੍ਰਾਪਤ ਕਰਨ ‘ਤੇ ਸਰਕਾਰ ਤੇ ਨਗਰ ਕੌਂਸਲ ਦਾ ਧੰਨਵਾਦ ਕੀਤਾ।


Share & like

Leave a Reply