Share & like

ਦੋਸ਼ ਲਾਇਆ ਕਿ ਕੇਂਦਰ ਦੇ ਨਵੇਂ ਕਨੂੰਨ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ

ਰੋਜ਼ਾਨਾ ਖ਼ਬਰ ਇਨ
ਗੁਰਦਾਸਪੁਰ, 26 ਨਵੰਬਰ
ਸਥਾਨਕ ਗੁਰੂ ਨਾਨਕ ਪਾਰਕ ਦੇ ਬਾਹਰ ਜੇਲ੍ਹ ਰੋਡ ’ਤੇ ਅੱਜ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ’ਤੇ ਇਫਟੂ, ਸੀ.ਟੀ.ਯੂ ਅਤੇ ਏਟਕ ਦੇ ਆਗੂਆਂ ਨੇ ਕੇਂਦਰ ਵੱਲੋਂ ਲਿਆਂਦੇ ਚਾਰ ਨਵੇਂ ਕਿਰਤ ਕੋਡਾਂ ਦੀਆਂ ਕਾਪੀਆਂ ਸਾੜ ਕੇ ਤਿੱਖਾ ਵਿਰੋਧ ਪ੍ਰਗਟ ਕੀਤਾ।
ਆਗੂਆਂ ਨੇ ਇਨ੍ਹਾਂ ਕੋਡਾਂ ਨੂੰ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਪਿੱਛਾਂਹ ਲਿਜਾਣ ਵਾਲਾ ਸੁਧਾਰ ਦੱਸਦਿਆਂ ਕਿਹਾ ਕਿ ਇਹ ਕਨੂੰਨ ਸਿੱਧੇ ਤੌਰ ’ਤੇ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਹਨ।
ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਉਜਰਤ ਅਤੇ ਸਮਾਜਿਕ ਸੁਰੱਖਿਆ ਮੁਹੱਈਆ ਕਰਨ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਹਨ, ਕਿਉਂਕਿ ਦੇਸ਼ ਦੇ 90 ਫ਼ੀਸਦੀ ਮਜ਼ਦੂਰ ਗੈਰ-ਜੱਥੇਬੰਦ ਖੇਤਰ ਵਿੱਚ ਕੰਮ ਕਰਦੇ ਹਨ, ਜੋ ਇਨ੍ਹਾਂ ਨਵੇਂ ਕੋਡਾਂ ਦੇ ਦਾਇਰੇ ਤੋਂ ਹੀ ਬਾਹਰ ਹਨ। ਉਨ੍ਹਾਂ ਕਿਹਾ ਕਿ ਨਵੇਂ ਕਨੂੰਨਾਂ ਨੇ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦਾ ਹੱਕ ਵੀ ਖੋਹ ਲਿਆ ਹੈ। ਹੜਤਾਲ ਲਈ 60 ਦਿਨਾਂ ਦਾ ਨੋਟਿਸ ਲਾਜ਼ਮੀ ਕਰਨਾ ਅਤੇ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਕਰਨਾ ਸੰਵਿਧਾਨ ਦੀ ਧਾਰਾ 42 ਦੀ ਉਲੰਘਣਾ ਹੈ।
ਆਗੂਆਂ ਨੇ ਇਹ ਵੀ ਦੱਸਿਆ ਕਿ ਹੁਣ 300 ਤੋਂ ਘੱਟ ਮਜ਼ਦੂਰਾਂ ਵਾਲੀਆਂ ਇਕਾਈਆਂ ਨੂੰ ਛਾਂਟੀ ਜਾਂ ਯੂਨਿਟ ਬੰਦ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਨਹੀਂ ਰਹੀ, ਜਦ ਕਿ ਪਹਿਲਾਂ ਇਹ ਹੱਦ 100 ਮਜ਼ਦੂਰਾਂ ਲਈ ਸੀ। ਘੱਟੋ-ਘੱਟ ਉਜਰਤ 26 ਹਜ਼ਾਰ ਰੁਪਏ ਕਰਨ ਦੀ ਮੰਗ ਨੂੰ ਵੀ ਸਰਕਾਰ ਅਣਡਿੱਠਾ ਕਰ ਰਹੀ ਹੈ।

ਇਫਟੂ ਅਤੇ ਹੋਰ ਯੂਨੀਅਨਾਂ ਦੇ ਸੂਬਾਈ ਆਗੂਆਂ, ਜਿਵੇਂ ਜੋਗਿੰਦਰ ਪਾਲ ਪਨਿਆੜ, ਜੋਗਿੰਦਰ ਪਾਲ ਘੁਰਾਲਾ, ਸੰਦੀਪ ਕੁਮਾਰ, ਬੋਧ ਰਾਜ ਬਿੱਟਾ, ਠਾਕੁਰ ਧਿਆਨ ਸਿੰਘ, ਜਸਵੰਤ ਸਿੰਘ ਬੁੱਟਰ, ਸ਼ਿਵ ਕੁਮਾਰ, ਤੋਤੀ, ਸੁਭਾਸ਼ ਕੈਰੇ, ਬਲਵੀਰ ਸਿੰਘ ਮੱਲੀ ਸਮੇਤ ਹੋਰ ਮਜ਼ਦੂਰ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਨੇ ਇਹ ਮਜ਼ਦੂਰ ਵਿਰੋਧੀ ਕੋਡ ਵਾਪਸ ਨਾ ਲਏ, ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।


Share & like

Leave a Reply