Share & like

ਰੋਜ਼ਾਨਾ ਖ਼ਬਰ
ਮੁੰਬਈ, 24 ਨਵੰਬਰ
ਬੌਲੀਵੁੱਡ ਦੇ ਮਹਾਨ ਅਦਾਕਾਰ ਅਤੇ ਹਜ਼ਾਰਾਂ ਦਿਲਾਂ ‘ਤੇ ਰਾਜ ਕਰਨ ਵਾਲੇ ਧਰਮਿੰਦਰ ਸਿੰਘ ਦਿਓਲ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਧਰਮਿੰਦਰ ਨੇ ਸੋਮਵਾਰ ਦੁਪਹਿਰ ਆਪਣੇ ਮੁੰਬਈ ਸਥਿਤ ਨਿਵਾਸ ‘ਤੇ ਆਖਰੀ ਸਾਹ ਲਏ
ਖ਼ਬਰ ਏਜੰਸੀ ਪੀਟੀਆਈ ਨੇ ਪੁਲੀਸ ਦੇ ਹਵਾਲੇ ਨਾਲ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਧਰਮਿੰਦਰ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਫਿਲਮ ਜਗਤ ਵਿੱਚ ਗ਼ਮ ਦੀ ਲਹਿਰ ਦੌੜ ਗਈ ਹੈ। ਵਿਲੇ ਪਾਰਲੇ ਸ਼ਮਸ਼ਾਨਘਾਟ ਵਿੱਚ ਹੋ ਰਹੇ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸਲਮਾਨ ਖਾਨ, ਸੰਜੇ ਦੱਤ, ਅਮਿਤਾਭ ਬੱਚਨ, ਆਮਿਰ ਖਾਨ ਸਮੇਤ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋ ਰਹੀਆਂ ਹਨ।
ਫਿਲਮ ਨਿਰਦੇਸ਼ਕ ਕਰਣ ਜੌਹਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਧਰਮਿੰਦਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ:
“ਇਹ ਇੱਕ ਯੁੱਗ ਦਾ ਅੰਤ ਹੈ। ਉਹ ਸਿਰਫ਼ ਇੱਕ ਅਦਾਕਾਰ ਨਹੀਂ, ਸਿਨੇਮਾ ਦਾ ਪ੍ਰਤੀਕ ਸਨ—ਇੱਕ ਅਸਲ ਹੀਰੋ, ਇੱਕ ਦੰਤਕਥਾ, ਜਿਸਦਾ ਨਾਮ ਹਮੇਸ਼ਾ ਲਈ ਫਿਲਮ ਇਤਿਹਾਸ ਵਿੱਚ ਚਮਕਦਾ ਰਹੇਗਾ।”
ਹਾਲਤ ਨਾਜ਼ੁਕ ਹੋਣ ਕਾਰਨ ਹਸਪਤਾਲ ‘ਚ ਕਰਵਾਇਆ ਗਿਆ ਸੀ ਦਾਖ਼ਲ
ਕੁਝ ਦਿਨ ਪਹਿਲਾਂ ਧਰਮਿੰਦਰ ਨੂੰ ਸਿਹਤ ਠੀਕ ਨਾ ਹੋਣ ਕਰਕੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਅਤੇ ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਸਿਹਤ ਵਿੱਚ ਕੁਝ ਸੁਧਾਰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਘਰ ਛੱਡ ਦਿੱਤਾ ਗਿਆ ਸੀ, ਪਰ ਅੱਜ ਸਵੇਰੇ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਹ ਚਲਾਣਾ ਕਰ ਗਏ।
ਪੰਜਾਬ ਨਾਲ ਜੁੜੀਆਂ ਜੜ੍ਹਾਂ
8 ਦਸੰਬਰ 1935 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਸਰਾਲੀ ਵਿੱਚ ਜਨਮੇ ਧਰਮਿੰਦਰ ਇੱਕ ਜੱਟ ਪਰਿਵਾਰ ਨਾਲ ਸੰਬੰਧਤ ਸਨ। ਉਨ੍ਹਾਂ ਦੇ ਪਿਤਾ ਕੇਵਲ ਕ੍ਰਿਸ਼ਨ ਦਿਓਲ ਪਿੰਡ ਦੇ ਸਕੂਲ ਵਿੱਚ ਹੈੱਡਮਾਸਟਰ ਸਨ।
ਧਰਮਿੰਦਰ ਦਾ ਬਚਪਨ ਸਾਹਨੇਵਾਲ ਵਿੱਚ ਬੀਤਿਆ, ਜਿੱਥੇ ਉਹ ਆਮ ਪਿੰਡ ਦੇ ਬੱਚਿਆਂ ਵਾਂਗ ਖੇਡਦੇ-ਕੁੱਦਦੇ ਵੱਡੇ ਹੋਏ। 1952 ਵਿੱਚ ਉਨ੍ਹਾਂ ਨੇ ਰਾਮਗੜ੍ਹੀਆ ਕਾਲਜ, ਫਗਵਾੜਾ ਤੋਂ ਇੰਟਰਮੀਡੀਏਟ ਪਾਸ ਕੀਤਾ।

ਬਚਪਨ ਤੋਂ ਹੀ ਧਰਮਿੰਦਰ ਦਾ ਫ਼ਿਲਮਾਂ ਵੱਲ ਅਸੀਮ ਪਿਆਰ ਸੀ। ਕਿੱਸਾ ਹੈ ਕਿ ਉਹ ਫ਼ਿਲਮ ਦੇਖਣ ਲਈ ਕਈ ਕਿਲੋਮੀਟਰ ਪੈਦਲ ਤੁਰ ਕੇ ਜਾਂਦੇ ਸਨ। ਇਹੀ ਜਨੂੰਨ ਉਨ੍ਹਾਂ ਨੂੰ ਮੁੰਬਈ ਲੈ ਗਿਆ—ਅਤੇ ਉਥੇ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ। ਧਰਮਿੰਦਰ ਦੀ ਮੌਤ ਨਾਲ ਸਿਨੇਮਾ ਦਾ ਇੱਕ ਸਵਰਣ ਯੁੱਗ ਦਾ ਅੰਤ ਹੋ ਗਿਆ ਹੈ।


Share & like

Leave a Reply