ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 23 ਨਵੰਬਰ
ਸਥਾਨਕ ਸ਼ਹੀਦ ਕਾਮਰੇਡ ਅਮਰੀਕ ਸਿੰਘ ਯਾਦਗਾਰ ਹਾਲ ਵਿੱਚ ਅੱਜ ‘ਏ.ਐਲ.ਸੀ ਲੇਬਰ ਦਫ਼ਤਰ ਬਚਾਓ ਮੋਰਚਾ’ ਦੀ ਮਹੱਤਵਪੂਰਨ ਮੀਟਿੰਗ ਏਟਕ ਆਗੂ ਸੁਭਾਸ਼ ਕੈਰੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮੋਰਚੇ ਦੇ ਆਗੂਆਂ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਸਹਾਇਕ ਕਿਰਤ ਕਮਿਸ਼ਨਰ (ਏ.ਐਲ.ਸੀ) ਦਾ ਦਫ਼ਤਰ ਗੁਰਦਾਸਪੁਰ ਤੋਂ ਬਟਾਲਾ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਨਾਲ ਜ਼ਿਲ੍ਹੇ ਦੇ ਮਜ਼ਦੂਰ ਵਰਗ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਹਿਆ ਹੈ।
ਆਗੂਆਂ ਨੇ ਦੱਸਿਆ ਕਿ 16 ਨਵੰਬਰ ਨੂੰ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਣ ਦੇ ਬਾਵਜੂਦ ਵੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਨੂੰ ਵੇਖਦਿਆਂ ਮੋਰਚੇ ਨੇ 8 ਦਸੰਬਰ ਨੂੰ ਡੀਸੀ ਦਫ਼ਤਰ ਸਾਹਮਣੇ ਵੱਡਾ ਧਰਨਾ ਦੇਣ ਦਾ ਫ਼ੈਸਲਾ ਲਿਆ ਹੈ।
ਮੋਰਚੇ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਲੇਬਰ ਦਫ਼ਤਰ ਹੋਣ ਨਾਲ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਹਰ ਬੁੱਧਵਾਰ ਹੋ ਜਾਂਦਾ ਸੀ। ਪਰ ਦਫ਼ਤਰ ਬਟਾਲਾ ਭੇਜੇ ਜਾਣ ਨਾਲ ਮਜ਼ਦੂਰਾਂ ਨੂੰ ਬੇਵਜ੍ਹਾ ਚੱਕਰ ਕੱਟਣ ਪੈ ਰਹੇ ਹਨ। ਆਗੂਆਂ ਨੇ ਦਾਅਵਾ ਕੀਤਾ ਕਿ ਬਟਾਲਾ ਵਿੱਚ ਪਹਿਲਾਂ ਹੀ ਇੱਕ ਏ.ਐਲ.ਸੀ ਦਫਤਰ ਮੌਜੂਦ ਹੈ, ਇਸ ਲਈ ਗੁਰਦਾਸਪੁਰ ਤੋਂ ਦਫ਼ਤਰ ਤਬਦੀਲ ਕਰਨਾ ਕਿਰਤ ਵਿਭਾਗ ਦੀ “ਅਸਾਮੀ ਖਤਮ ਕਰਨ ਦੀ ਕੋਝੀ ਚਾਲ” ਹੈ, ਜਿਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਮੋਰਚੇ ਨੇ ਚੇਤਾਵਨੀ ਦਿੱਤੀ ਕਿ ਸੰਘਰਸ਼ ਤਦ ਤੱਕ ਜਾਰੀ ਰਹੇਗਾ ਜਦ ਤੱਕ ਏ.ਐਲ.ਸੀ ਦਫਤਰ ਮੁੜ ਗੁਰਦਾਸਪੁਰ ਨਹੀਂ ਲਿਆਂਦਾ ਜਾਂਦਾ।

ਇਸ ਮੌਕੇ (ਇਫਟੂ) ਦੇ ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ, ਜੋਗਿੰਦਰ ਪਾਲ ਘੁਰਾਲਾ, (ਸੀ.ਟੀ.ਯੂ) ਦੇ ਧਿਆਨ ਸਿੰਘ ਠਾਕੁਰ, ਸ਼ਿਵ ਕੁਮਾਰ, ਜਸਵੰਤ ਸਿੰਘ ਬੁੱਟਰ, (ਏਟਕ) ਦੇ ਸੋਹਨ ਲਾਲ ਅਤੇ (ਏਕਟੂ) ਦੇ ਸੋਬੀ ਮਸੀਹ ਸਮੇਤ ਕਈ ਆਗੂ ਹਾਜ਼ਰ ਸਨ।










