ਗੁਰਦਾਸਪੁਰ ‘ਚ ਬਣਿਆ “ਲੇਬਰ ਕਮਿਸ਼ਨਰ ਦਫ਼ਤਰ ਬਹਾਲ ਕਰਾਓ ਮੋਰਚਾ”
17 ਨਵੰਬਰ ਨੂੰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 14 ਨਵੰਬਰ
ਅੱਜ ਸਹਾਇਕ ਕਿਰਤ ਕਮਿਸ਼ਨਰ (ਏਐੱਲਸੀ) ਦਫਤਰ ਨੂੰ ਗੁਰਦਾਸਪੁਰ ਤੋਂ ਬਟਾਲਾ ਤਬਦੀਲ ਕਰਨ ਦੇ ਫ਼ੈਸਲੇ ਖ਼ਿਲਾਫ਼ ਵੱਖ-ਵੱਖ ਟਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ ਸੀਟੀਯੂ ਦਫ਼ਤਰ ਗੁਰਦਾਸਪੁਰ ਵਿੱਚ ਹੋਈ। ਮੀਟਿੰਗ ਦੀ ਅਗਵਾਈ ਇਫਟੂ ਦੇ ਸੂਬਾ ਵਿੱਤ ਸਕੱਤਰ ਜੋਗਿੰਦਰਪਾਲ ਪਨਿਆੜ ਨੇ ਕੀਤੀ।
ਮੀਟਿੰਗ ਵਿੱਚ ਸੀਟੀਯੂ ਤੋਂ ਠਾਕੁਰ ਧਿਆਨ ਸਿੰਘ, ਜਸਵੰਤ ਸਿੰਘ ਬੁੱਟਰ, ਤੋਤੀ, ਏਕਟੂ ਤੋਂ ਵਿਜੈ ਸੋਹਲ, ਜੋਗਿੰਦਰਪਾਲ ਲੇਹਲ, ਏਟਕ ਤੋਂ ਸੁਭਾਸ਼ ਕੈਰੇਂ, ਤਰਲੋਕ ਸਿੰਘ ਰਾਊਵਾਲ, ਬਲਬੀਰ ਸਿੰਘ ਮੱਲ੍ਹੀ, ਸੀਟੂ ਦੇ ਧਨਬੀਰ ਸਿੰਘ ਸੰਧੂ ਅਤੇ ਇਫਟੂ ਦੇ ਜੋਗਿੰਦਰਪਾਲ ਘੁਰਾਲਾ ਤੇ ਸੁਖਦੇਵ ਰਾਜ ਬਹਿਰਮਾਪੁਰ ਹਾਜ਼ਰ ਸਨ।
ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਏਐੱਲਸੀ ਦਫ਼ਤਰ ਨੂੰ ਬਟਾਲਾ ਤਬਦੀਲ ਕਰਨ ਦੇ ਵਿਰੋਧ ਵਿੱਚ 17 ਨਵੰਬਰ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਮੌਕੇ “ਲੇਬਰ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਬਹਾਲ ਕਰਾਓ ਮੋਰਚਾ” ਦਾ ਵੀ ਗਠਨ ਕੀਤਾ ਗਿਆ।
ਪ੍ਰਧਾਨ ਜੋਗਿੰਦਰਪਾਲ ਪਨਿਆੜ ਨੇ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਬਿਨ੍ਹਾਂ ਕਿਸੇ ਠੋਸ ਕਾਰਨ ਦੇ ਏਐੱਲਸੀ ਦਫ਼ਤਰ ਨੂੰ ਗੁਰਦਾਸਪੁਰ ਤੋਂ ਬਟਾਲਾ ਤਬਦੀਲ ਕੀਤਾ ਜਾ ਰਿਹਾ ਹੈ, ਜਦ ਕਿ ਜ਼ਿਲ੍ਹਾ ਹੈੱਡਕੁਆਰਟਰ, ਮਿੰਨੀ ਸੈਕਟਰੀਏਟ ਅਤੇ ਹੋਰ ਸਾਰੇ ਮਹੱਤਵਪੂਰਨ ਸਰਕਾਰੀ ਦਫ਼ਤਰ ਗੁਰਦਾਸਪੁਰ ਵਿੱਚ ਹੀ ਸਥਿਤ ਹਨ।
ਆਗੂਆਂ ਨੇ ਕਿਹਾ ਕਿ ਇਸ ਫੈਸਲੇ ਨਾਲ ਮਜ਼ਦੂਰ ਵਰਗ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਮਜ਼ਦੂਰਾਂ ਨਾਲ ਜੁੜੇ ਕੇਸਾਂ ਲਈ ਹੁਣ ਉਨ੍ਹਾਂ ਨੂੰ ਬਟਾਲਾ ਜਾਣਾ ਪਏਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਟਾਲਾ ਵਿੱਚ ਪਹਿਲਾਂ ਹੀ ਇੱਕ ਏਐੱਲਸੀ ਦਫ਼ਤਰ ਮੌਜੂਦ ਹੈ, ਜਿਸ ਕਰਕੇ ਗੁਰਦਾਸਪੁਰ ਵਾਲੇ ਦਫ਼ਤਰ ਦੀ ਆਸਾਮੀ ਨੂੰ ਖਤਮ ਕੀਤਾ ਜਾਣਾ ਮਜ਼ਦੂਰ-ਵਿਰੋਧੀ ਕਦਮ ਹੈ।
ਆਗੂਆਂ ਨੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਗੁਰਦਾਸਪੁਰ ਦੇ ਏਐੱਲਸੀ ਦਫ਼ਤਰ ਨੂੰ ਬਟਾਲਾ ਨਹੀਂ ਜਾਣ ਦਿੱਤਾ ਜਾਵੇਗਾ ਅਤੇ 17 ਨਵੰਬਰ ਨੂੰ ਰੋਸ ਵਜੋਂ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਜਾਵੇਗਾ।











