Share & like

ਜਿਲ੍ਹਾ ਸਿੱਖਿਆ ਅਫਸਰ ਨੇ ਅਧਿਆਪਕਾਂ ਨਾਲ ਲਿਆ ਗਤੀਵਿਧੀਆਂ ਵਿੱਚ ਹਿੱਸਾ

ਬੱਚਿਆਂ ਦੀ ਸਿੱਖਣ ਪ੍ਰਕਿਰਿਆ ਨੂੰ ਰੋਚਕ ਬਨਾਉਣ ਲਈ ਗਤੀਵਿਧੀਆਂ ਤੇ ਦਿੱਤਾ ਜ਼ੋਰ

ਰਿਪੋਰਟ: ਜਤਿੰਦਰ ਬੈਂਸ, ਸੰਪਾਦਕ ਰੋਜ਼ਾਨਾ ਖ਼ਬਰ
ਗੁਰਦਾਸਪੁਰ, 7 ਨਵੰਬਰ
ਪ੍ਰੀ-ਪ੍ਰਾਇਮਰੀ ਪੱਧਰ ‘ਤੇ ਬੱਚਿਆਂ ਦੀ ਸਿੱਖਣ ਪ੍ਰਕਿਰਿਆ ਨੂੰ ਹੋਰ ਰੁਚਿਕਰ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਤਿੰਨ ਰੋਜ਼ਾ ਵਰਕਸ਼ਾਪ ਦਾ ਆਗਾਜ਼ ਕੀਤਾ ਗਿਆ। ਇਹ ਵਰਕਸ਼ਾਪ ਜ਼ਿਲ੍ਹੇ ਦੇ 19 ਸਿੱਖਿਆ ਬਲਾਕਾਂ ਵਿੱਚ ਇਕੱਠੇ ਸ਼ੁਰੂ ਹੋਈ, ਜਿਸ ਦਾ ਮੰਤਵ ਅਧਿਆਪਕਾਂ ਨੂੰ ਨਵੇਂ ਸਿੱਖਣ-ਸਿਖਾਉਣ ਦੇ ਢੰਗਾਂ ਨਾਲ ਜਾਣੂ ਕਰਵਾਉਣਾ ਅਤੇ ਬੱਚਿਆਂ ਦੀ ਭਾਵਨਾਤਮਕ, ਭਾਸ਼ਾਈ ਤੇ ਸਮਾਜਿਕ ਵਿਕਾਸ ਲਈ ਕਾਰਗਰ ਰਣਨੀਤੀਆਂ ਸਾਂਝੀਆਂ ਕਰਨਾ ਹੈ।

ਗੁਰਦਾਸਪੁਰ-2 ਸਿੱਖਿਆ ਬਲਾਕ ਦੀ ਵਰਕਸ਼ਾਪ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀਮਤੀ ਪਰਮਜੀਤ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ ਕੀਤਾ। ਉਨ੍ਹਾਂ ਨੇ ਅਧਿਆਪਕਾਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਪ੍ਰੀ-ਪ੍ਰਾਇਮਰੀ ਸਿੱਖਿਆ ਬੱਚਿਆਂ ਦੀ ਜ਼ਿੰਦਗੀ ਦਾ ਬੁਨਿਆਦੀ ਪੜਾਅ ਹੈ, ਜਿੱਥੇ ਸਿੱਖਣ ਦੀ ਆਦਤ ਤੇ ਜਿਗਿਆਸਾ ਦਾ ਵਿਕਾਸ ਹੁੰਦਾ ਹੈ। ਜੇਕਰ ਅਧਿਆਪਕ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝ ਕੇ ਗਤੀਵਿਧੀਆਂ ਕਰਾਉਣ, ਤਾਂ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨਾ ਸਿਰਫ਼ ਮਜ਼ੇਦਾਰ ਬਣਦੀ ਹੈ, ਸਗੋਂ ਬੱਚਿਆਂ ਦੇ ਵਿਅਕਤੀਤਵ ਵਿਕਾਸ ‘ਤੇ ਵੀ ਸਕਾਰਾਤਮਕ ਅਸਰ ਪੈਂਦਾ ਹੈ।

ਸ੍ਰੀਮਤੀ ਪਰਮਜੀਤ ਨੇ ਵਰਕਸ਼ਾਪ ਦੌਰਾਨ ਖੁਦ ਅਧਿਆਪਕਾਂ ਨਾਲ ਕਈ ਗਤੀਵਿਧੀਆਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਪ੍ਰੀ-ਪ੍ਰਾਇਮਰੀ ਬੱਚਿਆਂ ਨਾਲ ਰੋਜ਼ਾਨਾ ਕਰਵਾਈ ਜਾਣ ਵਾਲੀਆਂ ਖੇਡਾਂ, ਕਵਿਤਾਵਾਂ, ਕਹਾਣੀਆਂ ਅਤੇ ਗੀਤਾਂ ਰਾਹੀਂ ਸਿੱਖਣ ਦੇ ਤਰੀਕਿਆਂ ਨੂੰ ਪ੍ਰੇਰਣਾਦਾਇਕ ਢੰਗ ਨਾਲ ਵਿਖਾਇਆ। ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ “ਬੱਚੇ ਖੇਡਾਂ ਰਾਹੀਂ ਸਭ ਤੋਂ ਵਧੀਆ ਸਿੱਖਦੇ ਹਨ। ਇਸ ਲਈ ਕਲਾਸਰੂਮ ਨੂੰ ਹਮੇਸ਼ਾਂ ਖੁਸ਼ਮਿਜ਼ਾਜ ਅਤੇ ਰੰਗ-ਬਰੰਗਾ ਬਣਾਓ।

ਵਰਕਸ਼ਾਪ ਦੇ ਪਹਿਲੇ ਦਿਨ ਡੀ.ਆਰ.ਪੀ (ਪ੍ਰਾਇਮਰੀ) ਗੁਰਨਾਮ ਸਿੰਘ, ਸੀ.ਐਚ.ਟੀ. ਰਵਿੰਦਰ ਕੌਰ, ਸੀ.ਐਚ.ਟੀ. ਕ੍ਰਿਸ਼ਨਾ ਦੇਵੀ, ਬੀ.ਆਰ.ਸੀ. ਸੁਮਿਤ ਭਾਰਦਵਾਜ ਅਤੇ ਸ੍ਰੀਮਤੀ ਸੁਖਬੀਰ ਕੌਰ ਨੇ ਰਿਸੋਰਸ ਪਰਸਨ ਵਜੋਂ ਅਧਿਆਪਕਾਂ ਨਾਲ ਗਤੀਵਿਧੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਸਕੂਲ ਵਿੱਚ ਬੱਚਿਆਂ ਦੇ ਸੁਆਗਤ ਤੋਂ ਲੈ ਕੇ “ਪ੍ਰੀ-ਪਲੇਅ” ਗਤੀਵਿਧੀਆਂ ਤੱਕ ਦੇ ਪੂਰੇ ਪ੍ਰਕਿਰਿਆਕ੍ਰਮ ਦੀ ਪ੍ਰਯੋਗਿਕ ਢੰਗ ਨਾਲ ਡੈਮੋ ਦਿੱਤੀ। ਖ਼ਾਸ ਤੌਰ ‘ਤੇ “ਚਾਰ ਕਾਰਨਰ” ਕਲਾਸਰੂਮ ਕਾਂਸੈਪਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਕਲਾਸਰੂਮ ਦੇ ਵੱਖ-ਵੱਖ ਕੋਨਿਆਂ ਨੂੰ ਭਾਸ਼ਾ ਵਿਕਾਸ, ਸਿਰਜਣਾਤਮਕ ਖੇਡਾਂ, ਗਿਣਤੀ ਤੇ ਸਮਾਜਿਕ ਕੌਸ਼ਲ ਵਿਕਾਸ ਲਈ ਵੰਡਿਆ ਜਾਂਦਾ ਹੈ। ਇਸ ਤਰੀਕੇ ਨਾਲ ਬੱਚਿਆਂ ਨੂੰ ਆਪਣੇ ਮਨਪਸੰਦ ਖੇਤਰ ਵਿੱਚ ਖੁੱਲ੍ਹ ਕੇ ਸਿੱਖਣ ਦਾ ਮੌਕਾ ਮਿਲਦਾ ਹੈ।

ਵਰਕਸ਼ਾਪ ਦੌਰਾਨ “ਅਰਲੀ ਚਾਇਲਡਹੁੱਡ ਕੇਅਰ ਐਂਡ ਐਜੂਕੇਸ਼ਨ (ECCE)” ਸਬੰਧੀ ਮਹੱਤਵਪੂਰਨ ਸੈਸ਼ਨ ਵੀ ਕਰਵਾਏ ਗਏ ਜਿਨ੍ਹਾਂ ਵਿੱਚ ਅਧਿਆਪਕਾਂ ਨੂੰ ਬੱਚਿਆਂ ਦੀ ਉਮਰ ਅਤੇ ਜਿਗਿਆਸਾ ਦੇ ਅਨੁਸਾਰ ਸਿੱਖਣ ਸਮੱਗਰੀ ਦੀ ਚੋਣ ਕਰਨ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਭਾਸ਼ਾਈ ਵਿਕਾਸ ਲਈ ਗਤੀਵਿਧੀਆਂ ਜਿਵੇਂ ਕਿ ਕਹਾਣੀ ਸੁਣਾਉਣਾ, ਗੀਤ ਗਾਉਣਾ ਅਤੇ ਚਿੱਤਰ ਦਰਸਾ ਕੇ ਬੋਲਣ ਦੀ ਪ੍ਰੇਰਣਾ ਦੇਣ ਬਾਰੇ ਵਿਸ਼ੇਸ਼ ਸੈਸ਼ਨ ਰੱਖੇ ਗਏ।

ਸ੍ਰੀਮਤੀ ਪਰਮਜੀਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਹ ਵਰਕਸ਼ਾਪਾਂ ਅਧਿਆਪਕਾਂ ਲਈ ਸਿਰਫ਼ ਸਿਖਲਾਈ ਨਹੀਂ ਸਗੋਂ ਇੱਕ “ਸਿੱਖਣ ਦਾ ਮੇਲਾ” ਹਨ ਜਿੱਥੇ ਉਹ ਆਪਸੀ ਤਜਰਬੇ ਸਾਂਝੇ ਕਰਕੇ ਆਪਣੀ ਸਿੱਖਣ ਪ੍ਰਕਿਰਿਆ ਨੂੰ ਹੋਰ ਵੀ ਸੰਵਾਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਪ੍ਰੀ-ਪ੍ਰਾਇਮਰੀ ਕਲਾਸ ਬੱਚਿਆਂ ਲਈ ਇਕ ਖੁਸ਼ੀ ਦਾ ਕੇਂਦਰ ਬਣੇ ਜਿੱਥੇ ਉਹ ਸਿੱਖਣ ਨਾਲ ਪਿਆਰ ਕਰਨਾ ਸਿੱਖਣ।
ਵਰਕਸ਼ਾਪ ਦੇ ਅੰਤ ਵਿੱਚ ਅਧਿਆਪਕਾਂ ਨੇ ਵੀ ਆਪਣੀ ਪ੍ਰਤੀਕ੍ਰਿਆ ਸਾਂਝੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਸ਼ਿਕਸ਼ਣ ਨਾਲ ਉਹਨਾਂ ਨੂੰ ਨਵੀਂ ਉਰਜਾ ਤੇ ਨਵੇਂ ਵਿਚਾਰ ਮਿਲਦੇ ਹਨ, ਜੋ ਸਕੂਲਾਂ ਵਿੱਚ ਸਿੱਖਣ ਦੇ ਵਾਤਾਵਰਣ ਨੂੰ ਹੋਰ ਰੰਗਤ ਭਰ ਦੇਣਗੇ।

ਡੀ.ਆਰ.ਪੀ (ਪ੍ਰਾਇਮਰੀ) ਗੁਰਨਾਮ ਸਿੰਘ ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਰਕਸ਼ਾਪ ਅਗਲੇ ਦੋ ਦਿਨਾਂ ਤੱਕ ਚੱਲੇਗੀ, ਜਿਸ ਵਿੱਚ ਬੱਚਿਆਂ ਦੀ ਵਿਅਕਤੀਗਤ ਪ੍ਰਗਤੀ ਦਾ ਮੁਲਾਂਕਣ, ਪੇਰਨਟ-ਟੀਚਰ ਸਹਿਯੋਗ ਤੇ ਨਵੀਂ ਸਿੱਖਿਆ ਨੀਤੀ ਤਹਿਤ ਪ੍ਰੀ-ਪ੍ਰਾਇਮਰੀ ਪੱਧਰ ਦੀ ਸਿੱਖਿਆ ਬਾਰੇ ਵੀ ਵਿਸਥਾਰ ਨਾਲ ਸੈਸ਼ਨ ਹੋਣਗੇ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਵਿੱਚ ਇੱਕ ਸੀਐੱਚਟੀ, 40 ਐਂਚਟੀ, 416 ਈਟੀਟੀ, 397 ਏਟੀ ਅਤੇ 227 ਏਪੀਪੀਟੀ ਹਿੱਸਾ ਲੈ ਰਹੇ ਹਨ।


Share & like

Leave a Reply