ਦਾਖਲਾ ਹੋਵੇਗਾ ਪੂਰੀ ਤਰ੍ਹਾਂ ਮੁਫ਼ਤ, ਜ਼ਿਲ੍ਹਾ ਨਿਵਾਸੀਆਂ ਨੂੰ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਅਪੀਲ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਬਟਾਲਾ/ਗੁਰਦਾਸਪੁਰ, 4 ਨਵੰਬਰ
ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਲਾਈਟ ਐਂਡ ਸਾਊਂਡ ਸ਼ੋਅ 8 ਨਵੰਬਰ ਦੀ ਸ਼ਾਮ ਨੂੰ ਆਈ.ਟੀ.ਆਈ ਗਰਾਊਂਡ (ਕਾਹਨੂੰਵਾਨ ਰੋਡ), ਬਟਾਲਾ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸ਼ੋਅ ਰਾਹੀਂ ਸੰਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ, ਉਨ੍ਹਾਂ ਦੇ ਜੀਵਨ, ਸਿੱਖਿਆਵਾਂ ਅਤੇ ਬਲੀਦਾਨ ਦੇ ਮਹਾਨ ਇਤਿਹਾਸ ਨਾਲ ਜਾਣੂ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਆਦਿੱਤਿਆ ਉੱਪਲ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਇਹ 45 ਮਿੰਟ ਦਾ ਡਿਜੀਟਲ ਲਾਈਟ ਐਂਡ ਸਾਊਂਡ ਸ਼ੋਅ ਹੋਵੇਗਾ ਜੋ ਦਰਸ਼ਕਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਯਾਤਰਾ ਅਤੇ ਉਨ੍ਹਾਂ ਦੀਆਂ ਉੱਚ ਸਿੱਖਿਆਵਾਂ ਨਾਲ ਜੋੜੇਗਾ। ਸ਼ੋਅ ਸ਼ਾਮ 6 ਵਜੇ ਸ਼ੁਰੂ ਹੋਵੇਗਾ ਅਤੇ ਇਸ ਵਿੱਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਰਹੇਗਾ। ਕਿਸੇ ਨੂੰ ਵੀ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਇਤਿਹਾਸਕ ਸਮਾਗਮ ਵਿੱਚ ਸ਼ਾਮਿਲ ਹੋਣ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਪ੍ਰੇਰਨਾ ਲੈਣ।
ਮੀਟਿੰਗ ਦੌਰਾਨ ਉਨ੍ਹਾਂ ਨੇ ਪੁਲਿਸ, ਨਗਰ ਨਿਗਮ ਬਟਾਲਾ, ਵਿਕਾਸ ਤੇ ਪੰਚਾਇਤ ਵਿਭਾਗ, ਲੋਕ ਨਿਰਮਾਣ, ਸਿਹਤ, ਵਾਟਰ ਸਪਲਾਈ ਤੇ ਸੀਵਰੇਜ, ਜੰਗਲਾਤ, ਫਾਇਰ ਤੇ ਟਰਾਂਸਪੋਰਟ ਵਿਭਾਗਾਂ ਨੂੰ ਸਮਾਗਮ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਐਸ.ਡੀ.ਐੱਮ. ਬਟਾਲਾ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐੱਮ. ਗੁਰਦਾਸਪੁਰ ਮਨਜੀਤ ਸਿੰਘ ਰਾਜਲਾ, ਡੀ.ਐੱਸ.ਪੀ. ਤੇਜਿੰਦਰਪਾਲ ਸਿੰਘ, ਡਾ. ਤੇਜਿੰਦਰ ਕੌਰ, ਸ਼ੁਭਾਸ ਚੰਦਰ, ਨੀਰਜ ਸ਼ਰਮਾ, ਨਿਰਮਲ ਸਿੰਘ, ਹਰਮਨਪ੍ਰੀਤ ਸਿੰਘ, ਪਰਮਿੰਦਰ ਸਿੰਘ ਸ਼ੈਣੀ ਅਤੇ ਹੋਰ ਅਧਿਕਾਰੀ ਮੌਜੂਦ ਸਨ।










