ਰਿਪੋਰਟ: ਜਤਿੰਦਰ ਬੈਂਸ, ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 9 ਅਕਤੂਬ ਭਾਰਤ ਸਰਕਾਰ ਅਤੇ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਜਸਮੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਦੇ ਹੁਕਮਾਂ ਅਨੁਸਾਰ, ਸੁਦੇਸ਼ ਕੁਮਾਰੀ, ਬਾਲ ਵਿਕਾਸ ਪ੍ਰੋਜੈਕਟ ਅਫਸਰ ਦੋਰਾਗਲਾ ਵੱਲੋਂ ਪਿੰਡ ਖੁੱਥੀ ਵਿਖੇ ਪੋਸ਼ਣ ਮਾਂਹ ਸਮਾਰੋਹ ਮਨਾਇਆ ਗਿਆ।

ਇਸ ਮੌਕੇ ਗਰਭਵਤੀ ਔਰਤਾਂ ਦੀ ਗੋਦ ਭਰਾਈ ਦੀ ਰਸਮ ਕਰਵਾਈ ਗਈ ਅਤੇ ਘੱਟ ਲਾਗਤ ਨਾਲ ਬਣਨ ਵਾਲੇ ਪੋਸ਼ਟਿਕ ਪਕਵਾਨਾਂ ਦੇ ਸਟਾਲ ਲਗਾਏ ਗਏ। ਇਸ ਮੌਕੇ ਮਾਵਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਪੋਸ਼ਣ-ਭਰਪੂਰ ਖੁਰਾਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਗਰਭਵਤੀ ਔਰਤਾਂ, ਨਰਸਿੰਗ ਮਾਵਾਂ ਅਤੇ 0 ਤੋਂ 6 ਸਾਲ ਦੇ ਬੱਚਿਆਂ ਦੇ ਮਾਪਿਆਂ ਨੂੰ ਸਾਫ-ਸਫਾਈ ਰੱਖਣ, ਤਾਜ਼ੀਆਂ ਸਬਜ਼ੀਆਂ ਤੇ ਫਲਾਂ ਦੀ ਵਰਤੋਂ ਕਰਨ ਅਤੇ ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰੱਖਣ ਲਈ ਪ੍ਰੇਰਿਤ ਕੀਤਾ ਗਿਆ।

ਜ਼ਿਲ੍ਹਾ ਕੋਆਰਡੀਨੇਟਰ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਪੋਸ਼ਣ ਮਾਂਹ ਦੌਰਾਨ ਅਨੀਮੀਆ, ਢੁਕਵੀਂ ਸਾਫ-ਸਫਾਈ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਫੈਲਾਉਣ ‘ਤੇ ਖਾਸ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਅਭਿਆਨ ਦਾ ਮਕਸਦ ਕਸਰਤ, ਵਾਤਾਵਰਣ ਸੁਧਾਰ ਅਤੇ ਪੌਸ਼ਟਿਕ ਖੁਰਾਕ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਇਸ ਮੌਕੇ “ਮਾਂ ਦਾ ਦੁੱਧ ਚੁੰਘਾਉਣਾ ਤੇ ਸੰਪੂਰਨ ਖੁਰਾਕ”, “ਸਵਸਥ ਬਾਲਕ ਸਪ੍ਰਧਾ”, “ਪੋਸ਼ਣ ਵੀ ਪੜ੍ਹਾਈ ਵੀ” ਅਤੇ “ਮਿਸ਼ਨ ਲਾਈਫ” ਵਰਗੇ ਵਿਸ਼ਿਆਂ ‘ਤੇ ਵੀ ਗਤੀਵਿਧੀਆਂ ਕੀਤੀਆਂ ਗਈਆਂ।
ਇਸ ਸਮਾਰੋਹ ਵਿੱਚ ਰਜਵਿੰਦਰ ਕੌਰ ਅਤੇ ਵਰਿੰਦਰ ਕੌਰ (ਸੁਪਰਵਾਈਜ਼ਰ), ਸਰਪੰਚ ਪ੍ਰਦੀਪ ਸਿੰਘ ਪਿੰਡ ਖੁੱਥੀ, ਪਲਵਿੰਦਰ ਕੌਰ (ਬਲਾਕ ਕੋਆਰਡੀਨੇਟਰ), ਅਤੇ ਆਂਗਣਵਾੜੀ ਵਰਕਰਾਂ ਨੇ ਸਰਗਰਮ ਹਿੱਸਾ ਲਿਆ।

ਪੋਸ਼ਣ ਮਾਂਹ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੀਆਂ ਆਂਗਣਵਾੜੀ ਵਰਕਰਾਂ ਨੂੰ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ।










