ਤਰਨਤਾਰਨ ਜ਼ਿਮਨੀ ਚੋਣ ਪੰਜਾਬ ਦੀ ਅਗਲੀ ਰਾਜਨੀਤਕ ਦਿਸ਼ਾ ਦਾ ਸੰਕੇਤ ਵੀ ਹੋਵੇਗੀ
ਜਤਿੰਦਰ ਬੈਂਸ (ਮੁੱਖ ਸੰਪਾਦਕ, ਰੋਜ਼ਾਨਾ ਖ਼ਬਰ)
ਚੰਡੀਗੜ੍ਹ, 7 ਅਕਤੂਬਰ
ਪੰਥਕ ਹਲਕੇ ਵੱਜੋਂ ਜਾਣੇ ਜਾਂਦੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਰਾਜਨੀਤਕ ਸਰਗਰਮੀ ਤੇਜ਼ ਹੋ ਗਈ ਹੈ। ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ਦਾ ਐਲਾਨ ਹੋ ਚੁੱਕਾ ਹੈ ਅਤੇ ਵੱਖ-ਵੱਖ ਪਾਰਟੀਆਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਰਹੀਆਂ ਹਨ।
ਚੋਣ ਕਮਿਸ਼ਨ ਵੱਲੋਂ ਜਾਰੀ ਤਾਰੀਖਾਂ ਅਨੁਸਾਰ ਨਾਮਜ਼ਦਗੀ ਪੱਤਰ 11 ਨਵੰਬਰ ਤੱਕ ਭਰੇ ਜਾ ਸਕਣਗੇ ਅਤੇ ਉਮੀਦਵਾਰਾਂ ਦਾ ਐਲਾਨ 14 ਨਵੰਬਰ ਨੂੰ ਕੀਤਾ ਜਾਵੇਗਾ। ਚੋਣੀ ਸਰਗਰਮੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਹਰ ਪਾਰਟੀ ਆਪਣੇ ਕਿਲ੍ਹੇ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ।

ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਵਜੋਂ ਦਲਬਦਲੀ ਕਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਰਮੀਤ ਸਿੰਘ ਸੰਧੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਹਰਮੀਤ ਸੰਧੂ ਪਹਿਲਾਂ ਵੀ ਤਰਨਤਾਰਨ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। 2002 ਵਿੱਚ ਉਹ ਆਜ਼ਾਦ ਉਮੀਦਵਾਰ ਵਜੋਂ ਚੁਣੇ ਗਏ ਸਨ। 2007 ਅਤੇ 2012 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਵਿਧਾਨ ਸਭਾ ਪਹੁੰਚੇ।
2017 ਅਤੇ 2022 ਦੀਆਂ ਚੋਣਾਂ ਵਿੱਚ ਉਹ ਹਾਰ ਗਏ ਸਨ। ਸੰਧੂ ਨੇ 16 ਜੁਲਾਈ ਨੂੰ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਦੀ ਘੋਸ਼ਣਾ ਕਰ ਦਿੱਤੀ ਹੈ। ਪਾਰਟੀ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਹੈ। ਅਕਾਲੀ ਦਲ ਇਸ ਚੋਣ ਨੂੰ ਪਾਰਟੀ ਲਈ ਇਮਤਿਹਾਨ ਵਜੋਂ ਦੇਖ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਪਾਰਟੀ ਅੰਦਰ ਕਈ ਤਬਦੀਲੀਆਂ ਹੋਈਆਂ ਹਨ।
ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਨੂੰ ਉਮੀਦਵਾਰ ਬਣਾਇਆ ਹੈ। ਉਹ ਸਥਾਨਕ ਪੱਧਰ ’ਤੇ ਮਜ਼ਬੂਤ ਕਾਂਗਰਸੀ ਨੇਤਾ ਮੰਨੇ ਜਾਂਦੇ ਹਨ। ਭਾਰਤੀ ਜਨਤਾ ਪਾਰਟੀ ਨੇ ਹਰਜੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਹੈ। ਹਰਜੀਤ ਸੰਧੂ ਪਹਿਲਾਂ ਅਕਾਲੀ ਦਲ ਨਾਲ ਜੁੜੇ ਰਹੇ ਹਨ ਪਰ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਦੂਜੇ ਪਾਸੇ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਦੋਵੇਂ ਪਾਰਟੀਆਂ ਦੇ ਸੂਤਰਾਂ ਮੁਤਾਬਕ ਉਮੀਦਵਾਰ ਦੀ ਚੋਣ ’ਤੇ ਵਿਚਾਰ-ਵਿਮਰਸ਼ ਜਾਰੀ ਹੈ ਅਤੇ ਐਲਾਨ ਜਲਦ ਕੀਤਾ ਜਾਵੇਗਾ। ਇਸ ਵਾਰ ਤਰਨਤਾਰਨ ਵਿੱਚ ਚੋਣੀ ਮੁਕਾਬਲਾ ਚਤੁਰਭੁਜੀ ਹੋਣ ਦੀ ਸੰਭਾਵਨਾ ਹੈ। ਆਪ, ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਚਾਰ ਵੱਡੀਆਂ ਪਾਰਟੀਆਂ ਸਿੱਧੇ ਟਕਰਾਅ ਵਿੱਚ ਹਨ। ਸਾਰੇ ਉਮੀਦਵਾਰ ਆਪਣੇ ਹਲਕਿਆਂ ਵਿੱਚ ਘਰ-ਘਰ ਮੁਹਿੰਮ ਚਲਾ ਰਹੇ ਹਨ ਅਤੇ ਜਨਸੰਪਰਕ ਤੇਜ਼ੀ ਨਾਲ ਵੱਧ ਰਿਹਾ ਹੈ।

ਇਸ ਤਰ੍ਹਾਂ ਤਰਨਤਾਰਨ ਦੀ ਜ਼ਿਮਨੀ ਚੋਣ ਨਾ ਸਿਰਫ਼ ਇੱਕ ਹਲਕੇ ਦੀ ਲੜਾਈ ਰਹੇਗੀ, ਸਗੋਂ ਇਹ ਪੰਜਾਬ ਦੀ ਅਗਲੀ ਰਾਜਨੀਤਕ ਦਿਸ਼ਾ ਦਾ ਸੰਕੇਤ ਵੀ ਦੇਵੇਗੀ।










