Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 6 ਅਕਤੂਬਰ
ਗੁਰਦਾਸਪੁਰ ਜ਼ਿਲ੍ਹੇ ਵਿੱਚ ਪੋਲਿਓ ਦੇ ਖ਼ਿਲਾਫ਼ ਜੰਗ ਨੂੰ ਹੋਰ ਮਜ਼ਬੂਤ ਬਣਾਉਂਦਿਆਂ 12 ਅਕਤੂਬਰ ਤੋਂ ਪਲਸ ਪੋਲਿਓ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਇਸ ਸਬੰਧੀ ਸਿਹਤ ਵਿਭਾਗ ਅਤੇ ਇਸਦੇ ਸਹਿਯੋਗੀ ਵਿਭਾਗਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਡੀਸੀ ਦਫ਼ਤਰ ਵਿੱਚ ਆਯੋਜਿਤ ਕੀਤੀ ਗਈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਹਿੰਮ 12 ਅਕਤੂਬਰ ਤੋਂ ਸ਼ੁਰੂ ਹੋ ਕੇ ਕਈ ਦਿਨਾਂ ਤੱਕ ਚੱਲੇਗੀ। ਪਹਿਲੇ ਦਿਨ ਜ਼ਿਲ੍ਹੇ ਭਰ ਵਿੱਚ ਬੂਥ ਸਥਾਨਾਂ ‘ਤੇ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ ਜਾਣਗੀਆਂ, ਜਦਕਿ ਅਗਲੇ ਦਿਨ ਘਰ-ਘਰ ਜਾ ਕੇ ਬਾਕੀ ਰਹਿ ਗਏ ਬੱਚਿਆਂ ਤੱਕ ਇਹ ਮੁਹਿੰਮ ਪਹੁੰਚਾਈ ਜਾਵੇਗੀ

ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਵਿੱਚ ਕੁੱਲ 1,40,661 ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਉਣ ਦਾ ਟਾਰਗੇਟ ਨਿਸ਼ਚਤ ਕੀਤਾ ਗਿਆ ਹੈ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ 1092 ਬੂਥ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਘਰ-ਘਰ ਜਾ ਕੇ ਬੱਚਿਆਂ ਤੱਕ ਪਹੁੰਚਣ ਲਈ 1444 ਟੀਮਾਂ ਤਿਆਰ ਕੀਤੀਆਂ ਗਈਆਂ ਹਨ।
ਇਹਨਾਂ ਟੀਮਾਂ ਦੀ ਮਦਦ ਲਈ 21 ਮੋਬਾਈਲ ਟੀਮਾਂ ਅਤੇ 44 ਤਰਾਂਜ਼ਿਟ ਟੀਮਾਂ ਵੀ ਤੈਨਾਤ ਰਹਿਣਗੀਆਂ। ਇਹਨਾਂ ਸਾਰੀਆਂ ਟੀਮਾਂ ਦੀ ਕਾਰਗੁਜ਼ਾਰੀ ਉੱਤੇ ਨਿਗਰਾਨੀ ਕਰਨ ਲਈ 235 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਮੁਹਿੰਮ ਦੌਰਾਨ ਕੁੱਲ 4056 ਵੈਕਸੀਨੇਟਰ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਦਾ ਕੰਮ ਕਰਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਹਿੰਮ ਦੀ ਸਫਲਤਾ ਲਈ ਵੱਖ-ਵੱਖ ਵਿਭਾਗਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਮਰਪਿਤ ਤਰੀਕੇ ਨਾਲ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਨੂੰ ਪੋਲਿਓ ਬੂੰਦਾਂ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ, ਇਸਦੀ ਪੂਰੀ ਯਕੀਨੀ ਬਣਾਉਣੀ ਜਾਵੇਗੀ।

ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਗੁਆਂਢੀ ਦੇਸ਼ਾਂ ਵਿੱਚ ਪੋਲਿਓ ਦੇ ਕੁਝ ਮਾਮਲੇ ਸਾਹਮਣੇ ਆਉਣ ਕਰਕੇ ਭਾਰਤ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਲਈ ਦੇਸ਼ ਨੂੰ ਪੋਲਿਓ ਮੁਕਤ ਬਣਾਈ ਰੱਖਣ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਅਤੇ ਸੁਚਾਰੂ ਤਰੀਕੇ ਨਾਲ ਕੋਸ਼ਿਸ਼ਾਂ ਜਾਰੀ ਹਨ।

ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਾਂਝੇ ਯਤਨਾਂ ਨਾਲ ਹਰ ਬੱਚੇ ਤੱਕ ਇਹ ਸੇਵਾ ਪਹੁੰਚੇਗੀ। ਉਨ੍ਹਾਂ ਸਾਰੇ ਮਾਪੇਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੋਲਿਓ ਬੂੰਦਾਂ ਜ਼ਰੂਰ ਪਿਲਾਉਣ, ਤਾਂ ਜੋ ਸਾਡੇ ਜ਼ਿਲ੍ਹੇ ਨੂੰ ਪੋਲਿਓ ਮੁਕਤ ਰੱਖਿਆ ਜਾ ਸਕੇ।

ਇਸ ਮੁਹਿੰਮ ਦੌਰਾਨ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਸਾਂਝੀ ਤਰ੍ਹਾਂ ਕੰਮ ਕਰਨਗੇ, ਤਾਂ ਜੋ ਪੋਲਿਓ ਦਾ ਇੱਕ ਵੀ ਕੇਸ ਮੁੜ ਸਾਹਮਣੇ ਨਾ ਆਵੇ ਅਤੇ ਗੁਰਦਾਸਪੁਰ ਜ਼ਿਲ੍ਹਾ ਪੋਲਿਓ ਮੁਕਤ ਖੇਤਰ ਦੇ ਤੌਰ ‘ਤੇ ਆਪਣੀ ਪਛਾਣ ਬਣਾਈ ਰੱਖੇ।

ਮੀਟਿੰਗ ਦੌਰਾਨ ਜਿਲ੍ਹਾ ਟੀਕਾਕਰਣ ਅਧਿਕਾਰੀ ਡਾ. ਭਾਵਨਾ ਸ਼ਰਮਾ, ਜਿਲ੍ਹਾ ਸਿਹਤ ਅਧਿਕਾਰੀ ਡਾ. ਮਨਿੰਦਰਜੀਤ ਕੌਰ, ਡਾ. ਅਰਵਿੰਦ ਮਹਾਜਨ, ਡਾ. ਰਵਿੰਦਰ ਸਿੰਘ, ਡਾ. ਅੰਕੁਰ ਕੌਸ਼ਲ, ਡਾ. ਅਨੀਤਾ ਮਹਾਜਨ, ਡਾ. ਮਮਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਸਿਹਤ ਕਰਮਚਾਰੀ ਮੌਜੂਦ ਸਨ।


Share & like

Leave a Reply