ਪੰਜਾਬ ਨੂੰ ਨਿਵੇਸ਼ ਲਈ ਅਹਮ ਮੰਚ ਬਣਾਉਣ ਅਤੇ ਉਦਯੋਗਿਕ ਤਰੱਕੀ ‘ਤੇ ਦਿੱਤਾ ਭਰੋਸਾ
ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 30 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਰੂਗ੍ਰਾਮ ਵਿੱਚ ਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਨੂੰ ਤੇਜ਼ੀ ਨਾਲ ਦੁਨੀਆ ਵਿੱਚ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉਭਰਦੇ ਦੇਖਣ ‘ਤੇ ਖੁਸ਼ੀ ਜਤਾਈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾਂ ਮਿਹਨਤੀ ਅਤੇ ਉੱਦਮੀ ਭਾਵਨਾ ਲਈ ਮਸ਼ਹੂਰ ਰਹੀ ਹੈ। ਪਿਛਲੇ ਤਿੰਨ ਸਾਲਾਂ ਵਿੱਚ ਸੂਬੇ ਦੇ ਉਦਯੋਗਿਕ ਖੇਤਰ ਵਿੱਚ ਵੱਡੀ ਤਬਦੀਲੀ ਅਤੇ ਪ੍ਰਗਤੀ ਹੋਈ ਹੈ।

ਭਗਵੰਤ ਮਾਨ ਨੇ ਉਦਯੋਗਪਤੀਆਂ ਨੂੰ ਅਗਲੇ ਸਾਲ 13 ਤੋਂ 15 ਮਾਰਚ ਨੂੰ ਮੁਹਾਲੀ ਵਿੱਚ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਛੇਵੇਂ ਐਡੀਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੀ ਮੌਜੂਦ ਸਨ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਅੱਜ ਇੱਕ ਉਦਯੋਗਿਕ ਹੱਬ ਬਣ ਚੁੱਕਾ ਹੈ। ਸੂਬਾ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਆਟੋ ਕੰਪੋਨੈਂਟ, ਹੈਂਡ ਟੂਲ, ਸਾਈਕਲ, ਆਈਟੀ, ਸੈਰ-ਸਪਾਟਾ ਅਤੇ ਹੋਰ ਖੇਤਰਾਂ ਵਿੱਚ ਮੋਹਰੀ ਬਣ ਕੇ ਉਭਰਿਆ ਹੈ। ਮਾਰਚ, 2022 ਤੋਂ ਹੁਣ ਤੱਕ ਪੰਜਾਬ ਨੂੰ 1.23 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ, ਜਿਨ੍ਹਾਂ ਨਾਲ ਲਗਭਗ 4.7 ਲੱਖ ਨੌਕਰੀਆਂ ਦੇ ਮੌਕੇ ਬਣ ਸਕਦੇ ਹਨ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਕਈ ਵੱਡੀਆਂ ਆਲਮੀ ਕੰਪਨੀਆਂ ਦਾ ਘਰ ਬਣ ਚੁੱਕਾ ਹੈ, ਜਿਵੇਂ ਕਿ ਨੈਸਲੇ, ਕਲਾਸ, ਫਰੂਡੇਨਬਰਗ, ਕਾਰਗਿਲ, ਵਰਬੀਓ ਅਤੇ ਡੇਨੋਨ। ਇਹ ਕੰਪਨੀਆਂ ਇੱਥੇ ਕਾਰੋਬਾਰ ਸਥਾਪਤ ਕਰਕੇ ਸੂਬੇ ਦੀ ਆਰਥਿਕ ਤਰੱਕੀ ਵਿੱਚ ਯੋਗਦਾਨ ਪਾ ਰਹੀਆਂ ਹਨ।










