26 ਸਤੰਬਰ ਤੋਂ ਇੱਕ ਅਕਤੂਬਰ ਤੱਕ ਬੀਆਰਸੀ/ਡੀਆਰਸੀ ਕਰਨਗੇ ਜਾਂਚ – ਐਸ.ਸੀ.ਈ.ਆਰ.ਟੀ ਵੱਲੋਂ ਪੱਤਰ ਜਾਰੀ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 24 ਸਤੰਬਰ
ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ (SCERT) ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਦੀ ਗੁਣਵੱਤਾ ਜਾਂਚਣ ਅਤੇ ਸਿੱਖਿਆ ਦੀ ਮਿਆਰ ਹੋਰ ਉੱਚਾ ਕਰਨ ਲਈ ਵੱਡਾ ਫ਼ੈਸਲਾ ਲਿਆ ਹੈ। ਇਸ ਤਹਿਤ “ਮਿਸ਼ਨ ਸਮਰਥ 3.0” ਦੇ ਅੰਤਿਮ ਟੈਸਟ ਮੁਕੰਮਲ ਹੋਣ ਤੋਂ ਬਾਅਦ ਹੁਣ ਸੁਤੰਤਰ ਮੁਲਾਂਕਣ ਕਰਵਾਇਆ ਜਾਵੇਗਾ।

ਜਾਣਕਾਰੀ ਮੁਤਾਬਕ ਇਹ ਮੁਲਾਂਕਣ 26 ਸਤੰਬਰ ਤੋਂ 1 ਅਕਤੂਬਰ ਤੱਕ ਕੀਤਾ ਜਾਵੇਗਾ। ਇਸ ਕੰਮ ਦੀ ਜ਼ਿੰਮੇਵਾਰੀ ਅਪਰ ਪ੍ਰਾਇਮਰੀ ਪੱਧਰ ਉੱਤੇ ਤਾਇਨਾਤ ਡੀਆਰਸੀ/ਬੀਆਰਸੀ ਦੀ ਟੀਮ ਨੂੰ ਦਿੱਤੀ ਗਈ ਹੈ, ਜੋ ਡਾਇਟ ਪ੍ਰਿੰਸੀਪਲ ਦੀ ਦੇਖਰੇਖ ਹੇਠ ਕੰਮ ਕਰੇਗੀ।
SCERT ਦੀ ਡਾਇਰੈਕਟਰ ਸ੍ਰੀਮਤੀ ਕਿਰਨ ਸ਼ਰਮਾ ਨੇ ਇਸ ਸਬੰਧੀ ਬਕਾਇਦਾ ਪੱਤਰ ਜਾਰੀ ਕਰਕੇ ਸਾਰੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ।
ਮੁਲਾਂਕਣ ਦੀ ਪ੍ਰਕਿਰਿਆ
ਹਰ ਬਲਾਕ ਦੇ ਕੁਝ ਪ੍ਰਾਇਮਰੀ ਸਕੂਲਾਂ ਦੀ ਚੋਣ ਕੀਤੀ ਜਾਵੇਗੀ।
ਹਰ ਸਕੂਲ ਵਿੱਚੋਂ 30 ਵਿਦਿਆਰਥੀਆਂ ਨੂੰ ਟੈਸਟ ਲਈ ਚੁਣਿਆ ਜਾਵੇਗਾ।
ਹਰ ਜਮਾਤ ਵਿੱਚੋਂ ਘੱਟੋ-ਘੱਟ 10 ਵਿਦਿਆਰਥੀ ਲਾਜ਼ਮੀ ਚੁਣਨੇ ਹੋਣਗੇ।
ਵਿਦਿਆਰਥੀਆਂ ਦੀ ਚੋਣ ਰੈਂਡਮ ਢੰਗ ਨਾਲ ਕੀਤੀ ਜਾਵੇਗੀ ਤਾਂ ਜੋ ਨਤੀਜੇ ਪੂਰੀ ਤਰ੍ਹਾਂ ਪਾਰਦਰਸ਼ੀ ਰਹਿ ਸਕਣ।
ਟਰੇਨਿੰਗ ਦਾ ਪ੍ਰਬੰਧ
ਮੁਲਾਂਕਣ ਨੂੰ ਸਹੀ ਤੇ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ 25 ਸਤੰਬਰ ਨੂੰ ਅਪਰ-ਪ੍ਰਾਇਮਰੀ ਦੇ ਸਾਰੇ ਡੀਆਰਸੀ ਅਤੇ ਬੀਆਰਸੀ ਨੂੰ ਖ਼ਾਸ ਟਰੇਨਿੰਗ ਦਿੱਤੀ ਜਾਵੇਗੀ।

ਇਸ ਫ਼ੈਸਲੇ ਨਾਲ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਸਿੱਖਿਆ ਦੇ ਪੱਧਰ ਬਾਰੇ ਸਪਸ਼ਟ ਤਸਵੀਰ ਸਾਹਮਣੇ ਆਵੇਗੀ ਅਤੇ ਭਵਿੱਖ ਲਈ ਹੋਰ ਸੁਧਾਰ ਯੋਜਨਾਵਾਂ ਬਣਾਉਣ ਵਿੱਚ ਸਹਾਇਤਾ ਮਿਲੇਗੀ।











