ਰੋਜ਼ਾਨਾ ਖ਼ਬਰ ਬਿਊਰੋ
ਨਾਭਾ, 23 ਸਤੰਬਰ
ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਨਾਭਾ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਇਹ ਬੈਠਕ ਲਗਭਗ ਅੱਧੇ ਘੰਟੇ ਚੱਲੀ।
ਮੁਲਾਕਾਤ ਮਗਰੋਂ ਡੇਰਾ ਮੁਖੀ ਜੇਲ੍ਹ ਦੇ ਬਾਹਰ ਇਕੱਤਰ ਹੋਏ ਲੋਕਾਂ ਨਾਲ ਵੀ ਮਿਲੇ। ਇਸ ਤੋਂ ਬਾਅਦ ਉਹ ਨਾਭਾ ਦੇ ਸ਼ਾਹੀ ਪਰਿਵਾਰ ਦੇ ਵੰਸ਼ਜਾਂ ਨੂੰ ਮਿਲਣ ਲਈ ਹੀਰਾ ਮਹਿਲਾ ਸਥਿਤ ਉਨ੍ਹਾਂ ਦੇ ਰਹਾਇਸ਼ੀ ਸਥਾਨ ਤੇ ਗਏ।
ਜ਼ਿਕਰਯੋਗ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਹਾਲੇ ਤੱਕ ਸ਼੍ਰੋਮਣੀ ਅਕਾਲੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਬਿਕਰਮ ਮਜੀਠੀਆ ਨਾਲ ਮੁਲਾਕਾਤ ਦੀ ਆਗਿਆ ਨਹੀਂ ਦਿੱਤੀ। ਪਿਛਲੇ ਕੁਝ ਦਿਨਾਂ ਵਿੱਚ ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਮਹੇਸ਼ ਇੰਦਰ ਗਰੇਵਾਲ, ਵਿਰਸਾ ਸਿੰਘ ਵਲਟੋਹਾ ਆਦਿ ਆਗੂਆਂ ਨੂੰ ਇਹ ਕਹ ਕੇ ਜੇਲ੍ਹ ਦੇ ਬਾਹਰੋਂ ਮੋੜ ਦਿੱਤਾ ਗਿਆ ਕਿ ਸਿਰਫ ਰਿਸ਼ਤੇਦਾਰ ਹੀ ਮਿਲ ਸਕਦੇ ਹਨ। ਇਸ ਮੁਲਾਕਾਤ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।











