Share & like

ਪ੍ਰਸ਼ਾਸਨ ਨੇ ਰਾਵੀ ਪਾਰ ਜਾਣ ਤੋਂ ਰੋਕਿਆ, ਹੋਈ ਤਿੱਖੀ ਬਹਿਸ; ਹੜ੍ਹ ਪੀੜਤਾਂ ਨਾਲ ਮਿਲ ਕੇ ਹੋਏ ਭਾਵੁਕ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ/ਅੰਮ੍ਰਿਤਸਰ, 15 ਅਗਸਤ
ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਹੜ੍ਹਾਂ ਕਾਰਨ ਹੋਈ ਤਬਾਹੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਨੇ ਕਿਸਾਨਾਂ ਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੰਸਦ ਵਿੱਚ ਜ਼ੋਰਦਾਰ ਢੰਗ ਨਾਲ ਉਠਾਉਣਗੇ।

ਰਾਵੀ ਪਾਰ ਜਾਣ ਤੋਂ ਰੋਕਿਆ ਗਿਆ
ਡੇਰਾ ਬਾਬਾ ਨਾਨਕ ਦਾ ਨਿਰੀਖਣ ਕਰਨ ਤੋਂ ਬਾਅਦ ਰਾਹੁਲ ਗਾਂਧੀ ਦੀਨਾ ਨਗਰ ਦੇ ਮਕੌੜਾ ਪੱਤਣ ਪਹੁੰਚੇ। ਇੱਥੇ ਉਹ ਰਾਵੀ ਦਰਿਆ ਦੇ ਕੰਢੇ ਤੇ ਪਹੁੰਚ ਕੇ ਦਰਿਆ ਪਾਰ ਦੇ ਸੱਤ ਪਿੰਡਾਂ ਵਿਚ ਜਾਣ ਦੀ ਕੋਸ਼ਿਸ਼ ਕਰਨ ਲੱਗੇ। ਪਰੰਤੂ, ਪ੍ਰਸ਼ਾਸਨ ਵੱਲੋਂ ਸੁਰੱਖਿਆ ਕਾਰਣਾਂ ਤੇ ਤੇਜ਼ ਪਾਣੀ ਦੇ ਬਹਾਅ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਰੋਕ ਦਿੱਤਾ ਗਿਆ।
ਇਸ ਮਾਮਲੇ ‘ਤੇ ਰਾਹੁਲ ਗਾਂਧੀ ਨੇ ਅਧਿਕਾਰੀਆਂ ਨਾਲ ਤਿੱਖੀ ਬਹਿਸ ਕੀਤੀ ਅਤੇ ਸਵਾਲ ਉਠਾਇਆ ਕਿ ਦਰਿਆ ਦਾ ਵਹਾਅ ਐਨਾ ਖ਼ਤਰਨਾਕ ਨਹੀਂ ਦਿੱਸ ਰਿਹਾ ਕਿ ਉਨ੍ਹਾਂ ਨੂੰ ਰੋਕਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਰਾਵੀ ਪਾਰ ਦੇ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੇ ਦੁੱਖ ਦਰਦ ਸੁਣਨਾ ਚਾਹੁੰਦੇ ਹਨ, ਪਰ ਪ੍ਰਸ਼ਾਸਨ ਉਨ੍ਹਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ।

ਕਾਂਗਰਸੀ ਆਗੂਆਂ ਦਾ ਪ੍ਰਸ਼ਾਸਨ ‘ਤੇ ਹਮਲਾ
ਇਸ ਘਟਨਾ ‘ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਵਿਰੋਧ ਜਤਾਇਆ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਮਨ੍ਹਾ ਕਰ ਰਿਹਾ ਹੈ ਤਾਂ ਇਹ ਫ਼ੈਸਲਾ ਲਿਖਤੀ ਰੂਪ ਵਿੱਚ ਦਿੱਤਾ ਜਾਣਾ ਚਾਹੀਦਾ ਹੈ। ਚੰਨੀ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਮਿਲਣ ਤੋਂ ਰੋਕਣਾ ਬਹੁਤ ਹੀ ਮੰਦਭਾਗਾ ਹੈ।


ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕੜਾ ਰਵੱਈਆ ਅਪਣਾਉਂਦਿਆਂ ਕਿਹਾ ਕਿ ਉਹ ਖ਼ੁਦ ਡੇਰਾ ਬਾਬਾ ਨਾਨਕ ਦੀ ਪਾਕਿਸਤਾਨ ਸਰਹੱਦ ਚੌਕੀ ਤੱਕ ਬਿਨਾਂ ਰੋਕ-ਟੋਕ ਜਾ ਚੁੱਕੇ ਹਨ, ਫਿਰ ਹੁਣ ਇੱਥੇ ਰੋਕਣਾ ਗਲਤ ਹੈ। ਉਨ੍ਹਾਂ ਨੇ ਆਪ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਸੂਬੇ ਵਿੱਚ ਹੜ੍ਹ ਆਉਣ ਦਾ ਇੱਕ ਵੱਡਾ ਕਾਰਨ ਗੈਰ-ਕਾਨੂੰਨੀ ਮਾਈਨਿੰਗ ਹੈ। ਨਾਲ ਹੀ ਰਣਜੀਤ ਸਾਗਰ ਅਤੇ ਬਸੰਤਰ ਡੈਮ ਤੋਂ ਅਚਾਨਕ ਛੱਡੇ ਗਏ ਪਾਣੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸਨੂੰ “ਸ਼ਰਮਨਾਕ ਅਤੇ ਗੈਰ-ਸੰਵੇਦਨਸ਼ੀਲ” ਕਦਮ ਕਹਿੰਦੇ ਹੋਏ ਦੋਸ਼ ਲਾਇਆ ਕਿ ਸਰਕਾਰ ਨੇ ਰਾਹੁਲ ਗਾਂਧੀ ਨੂੰ ਰੋਕ ਕੇ ਆਪਣੀ ਜਵਾਬਦੇਹੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ।

ਹੜ੍ਹ ਪੀੜਤਾਂ ਦੇ ਵੀਡੀਓ ਦੇਖ ਕੇ ਰਾਹੁਲ ਗਾਂਧੀ ਹੋਏ ਭਾਵੁਕ
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਧਰਮਕੋਟ ਪੱਤਣ ਪਹੁੰਚੇ ਜਿੱਥੇ ਉਨ੍ਹਾਂ ਨੇ ਰਾਵੀ ਦਰਿਆ ਨਾਲ ਪ੍ਰਭਾਵਿਤ ਕਿਸਾਨਾਂ ਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ। ਲੋਕਾਂ ਨੇ ਉਨ੍ਹਾਂ ਨੂੰ ਆਪਣੇ ਮੋਬਾਈਲ ‘ਤੇ ਤਬਾਹੀ ਦੇ ਵੀਡੀਓ ਦਿਖਾਏ, ਜਿਸ ਨੂੰ ਦੇਖ ਕੇ ਉਹ ਭਾਵੁਕ ਹੋ ਗਏ।
ਪਿੰਡ ਘਨੀਆਂ ਦੇ ਬੇਟ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਦਰਿਆ ਦੇ ਪਾਣੀ, ਸਰਹੱਦੀ ਤਣਾਅ ਅਤੇ ਅੱਤਵਾਦੀ ਘਟਨਾਵਾਂ ਕਾਰਨ ਇਲਾਕੇ ਦਾ ਜੀਵਨ ਹਮੇਸ਼ਾਂ ਹੀ ਮੁਸ਼ਕਲਾਂ ਵਿੱਚ ਰਿਹਾ ਹੈ। ਹੜ੍ਹਾਂ ਕਾਰਨ ਨਾ ਸਿਰਫ਼ ਫ਼ਸਲਾਂ ਬਰਬਾਦ ਹੋਈਆਂ ਹਨ, ਸਗੋਂ ਕਈ ਪਸ਼ੂ ਵੀ ਮਰ ਗਏ।
ਇਸ ‘ਤੇ ਰਾਹੁਲ ਗਾਂਧੀ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਕਿ ਇਸ ਸਾਰੀ ਸਥਿਤੀ ‘ਤੇ ਇੱਕ ਵਿਸਥਾਰਪੂਰਨ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਇਸ ਨੂੰ ਸੰਸਦ ਵਿੱਚ ਪੇਸ਼ ਕੀਤਾ ਜਾ ਸਕੇ।

ਪਿੰਡ ਗੁਰਚੱਕ ਦੇ ਕਿਸਾਨ ਪਵਿੱਤਰ ਸਿੰਘ ਨੇ ਯਾਦ ਕਰਵਾਇਆ ਕਿ ਇਸ ਵਾਰ ਆਈ ਤਬਾਹੀ 1988 ਦੇ ਹੜ੍ਹਾਂ ਵਰਗੀ ਹੀ ਭਿਆਨਕ ਹੈ। ਇਸੇ ਪਿੰਡ ਦੇ ਸਾਬਕਾ ਸਰਪੰਚ ਗੁਰਮੁਖ ਸਿੰਘ ਨੇ ਦੱਸਿਆ ਕਿ ਪਿੰਡ ਦੀ 700 ਏਕੜ ਤੋਂ ਵੱਧ ਜ਼ਮੀਨ ਵਿੱਚੋਂ ਸਿਰਫ਼ 20-25 ਏਕੜ ਹੀ ਬਚੀ ਹੈ। ਬਾਕੀ ਜ਼ਮੀਨ ਪਾਣੀ ਤੇ ਰੇਤ ਨਾਲ ਭਰ ਗਈ ਹੈ, ਜਿਸ ਕਾਰਨ ਖੇਤੀ ਕਰਨਾ ਲਗਭਗ ਅਸੰਭਵ ਹੋ ਗਿਆ ਹੈ। ਉਨ੍ਹਾਂ ਨੇ ਰੇਤ ਚੁੱਕਣ ਦੀ ਸਮਾਂ ਸੀਮਾ ਵਧਾਉਣ ਅਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਮੰਗ ਕੀਤੀ।

ਅੰਮ੍ਰਿਤਸਰ ਦੇ ਪਿੰਡਾਂ ਦਾ ਦੌਰਾ ਅਤੇ ਗੁਰਦੁਆਰੇ ਵਿੱਚ ਮੱਥਾ ਟੇਕਣਾ
ਗੁਰਦਾਸਪੁਰ ਤੋਂ ਬਾਅਦ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਖੇਤਰ ਦੇ ਪਿੰਡ ਘੋਨੇਵਾਲ ਦਾ ਦੌਰਾ ਕੀਤਾ। ਇਹ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਸਾਥ ਸਨ।

ਦੌਰੇ ਦੇ ਅੰਤ ਵਿੱਚ ਰਾਹੁਲ ਗਾਂਧੀ ਨੇ ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ, ਰਾਮਦਾਸ ਵਿੱਚ ਮੱਥਾ ਟੇਕਿਆ ਅਤੇ ਲੋਕਾਂ ਲਈ ਅਰਦਾਸ ਕੀਤੀ।

ਕਿਸਾਨਾਂ ਨੂੰ ਦਿੱਤਾ ਭਰੋਸਾ
ਰਾਹੁਲ ਗਾਂਧੀ ਨੇ ਕਿਹਾ ਕਿ ਹੜ੍ਹ ਕਾਰਨ ਬੇਘਰ ਹੋਏ ਲੋਕਾਂ ਅਤੇ ਬਰਬਾਦ ਹੋਏ ਕਿਸਾਨਾਂ ਦੀ ਲੜਾਈ ਉਹ ਸੰਸਦ ਵਿੱਚ ਲੜਨਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਹਰ ਸਮੱਸਿਆ ‘ਤੇ ਕੇਂਦਰ ਅਤੇ ਰਾਜ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਵੇਗਾ।


Share & like

Leave a Reply