Share & like

ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਰੀਬਨ ਕੱਟ ਕੇ ਕੀਤਾ ਉਦਘਾਟਨ

ਹਲਕੇ ਦੀਆਂ ਸੜਕਾਂ ਦੀ ਮੁਰੰਮਤ ਲਈ 75 ਕਰੋੜ ਰੁਪਏ ਮਨਜ਼ੂਰ – ਜਗਰੂਪ ਸਿੰਘ ਸੇਖਵਾਂ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 15 ਸਤੰਬਰ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਬੇਟ ਇਲਾਕਾ ਵਾਸੀਆਂ ਲਈ ਵੱਡੀ ਰਾਹਤ ਦੇਂਦਿਆਂ ਬਲਵੰਡਾ ਪੁਲ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਨਵੇਂ ਪੁਲ ਦਾ ਉਦਘਾਟਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਰੀਬਨ ਕੱਟ ਕੇ ਕੀਤਾ।

ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਇਸ ਮੌਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲ ਟੁੱਟ ਜਾਣ ਕਾਰਨ ਬੇਟ ਇਲਾਕੇ ਦੇ ਵਾਸੀਆਂ ਨੂੰ ਆਵਾਜਾਈ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜੋ ਹੁਣ ਦੂਰ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਵਾਂ ਪੁਲ ਪਹਿਲਾਂ ਨਾਲੋਂ 6 ਮੀਟਰ ਚੌੜਾ ਅਤੇ 5 ਫੁੱਟ ਉੱਚਾ ਤਿਆਰ ਕੀਤਾ ਗਿਆ ਹੈ। ਇਸ ਦੀਆਂ ਕੋਠੀਆਂ ਨੂੰ 50 ਫੁੱਟ ਡੂੰਘਾ ਗਾਲ਼ ਕੇ ਤਿਆਰ ਕੀਤਾ ਗਿਆ ਹੈ, ਤਾਂ ਜੋ ਇਸ ਦੀ ਮਜ਼ਬੂਤੀ ਸਾਲਾਂ ਤੱਕ ਬਣੀ ਰਹੇ। ਪੁਲ ਨਾਲ਼ ਲੱਗਦੀਆਂ ਅਪਰੋਚ ਸੜਕਾਂ ਨੂੰ ਵੀ ਮਜ਼ਬੂਤ ਕਰਕੇ ਸਾਈਡਾਂ ਤੇ ਰਿਟੇਨਿੰਗ ਵਾਲ ਬਣਾਉਣ ਦਾ ਕੰਮ ਕੀਤਾ ਜਾਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਾਦੀਆਂ ਹਲਕੇ ਵਿੱਚ ਬਿਆਸ ਦਰਿਆ ਨਾਲ ਲੱਗਦੇ ਧੁੱਸੀ ਬੰਨ੍ਹ ਦੀ 27 ਕਿਲੋਮੀਟਰ ਲੰਬਾਈ ਵਾਲੀ ਸੜਕ ਦੀ ਮੁਰੰਮਤ ਕੀਤੀ ਗਈ ਸੀ। ਇਹ ਸੜਕ ਹੜ੍ਹ ਦੌਰਾਨ ਕਿਸੇ ਵੀ ਥਾਂ ਤੋਂ ਨਹੀਂ ਟੁੱਟੀ ਅਤੇ ਬੰਨ੍ਹ ਵੀ ਮਜ਼ਬੂਤੀ ਨਾਲ ਕਾਇਮ ਰਿਹਾ, ਜਿਸ ਨਾਲ ਬੇਟ ਇਲਾਕਾ ਬਿਆਸ ਦੇ ਪਾਣੀ ਤੋਂ ਸੁਰੱਖਿਅਤ ਰਿਹਾ।

ਐਡਵੋਕੇਟ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਹਨੂੰਵਾਨ ਮਾਰਕਿਟ ਕਮੇਟੀ ਦੇ ਅਧੀਨ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਲਈ 24 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ, ਬੇਟ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਅਤੇ ਉਨ੍ਹਾਂ ਨੂੰ 11 ਫੁੱਟ ਤੋਂ 18 ਫੁੱਟ ਚੌੜੀਆਂ ਕਰਨ ਲਈ 51 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਹਲਕੇ ਵਿੱਚ ਸੜਕਾਂ ਦੀ ਮੁਰੰਮਤ ਦਾ ਪੂਰਾ ਪ੍ਰੋਜੈਕਟ ਮੁਕੰਮਲ ਕਰ ਲਿਆ ਜਾਵੇਗਾ।


Share & like

Leave a Reply