ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT) ਦੇ ਅਧਿਕਾਰੀਆਂ ਵੱਲੋਂ ਹਾਜ਼ਰੀ, ਅਕਾਦਮਿਕ ਸਪੋਰਟ ਗਰੁੱਪ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ‘ਤੇ ਦਿੱਤਾ ਜ਼ੋਰ
ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 13 ਸਤੰਬਰ
ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਗੁਰਦਾਸਪੁਰ ਵਿੱਚ ਡਾਇਟ ਪ੍ਰਿੰਸੀਪਲ ਹਰਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਆਯੋਜਿਤ ਤਿੰਨ ਦਿਨਾਂ ਦੀ ਵਰਕਸ਼ਾਪ ਦਾ ਅੱਜ ਸਫਲਤਾਪੂਰਵਕ ਸਮਾਪਨ ਹੋਇਆ। ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਬਲਾਕ ਰਿਸੋਰਸ ਪਰਸਨ ਕੋਆਰਡੀਨੇਟਰਾਂ ਨੇ ਭਾਗ ਲਿਆ।

ਵਰਕਸ਼ਾਪ ਦਾ ਮੁੱਖ ਉਦੇਸ਼ ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਪੱਧਰ ‘ਤੇ ਕੰਮ ਕਰਨ ਵਾਲੇ ਬਲਾਕ ਰਿਸੋਰਸ ਪਰਸਨ ਦੀਆਂ ਯੋਗਤਾਵਾਂ ਨੂੰ ਨਿਖਾਰਨਾ ਅਤੇ ਉਨ੍ਹਾਂ ਨੂੰ ਸਕੂਲਾਂ ਵਿੱਚ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਲਈ ਤਿਆਰ ਕਰਨਾ ਸੀ।
ਅੱਜ ਤੀਸਰੇ ਅਤੇ ਅਖੀਰਲੇ ਦਿਨ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ (SCERT) ਦੇ ਸਹਾਇਕ ਡਾਇਰੈਕਟਰ ਡਾ. ਸ਼ੰਕਰ ਚੌਧਰੀ ਅਤੇ ਸਟੇਟ ਰਿਸੋਰਸ ਪਰਸਨ ਸ੍ਰੀ ਮਹਿੰਦਰ ਸਿੰਘ ਨੇ ਖ਼ਾਸ ਤੌਰ ‘ਤੇ ਸ਼ਮੂਲੀਅਤ ਕੀਤੀ। ਦੋਹਾਂ ਮਹਿਮਾਨਾਂ ਨੇ ਵਰਕਸ਼ਾਪ ਵਿੱਚ ਮੌਜੂਦ ਸਾਰੇ ਬਲਾਕ ਰਿਸੋਰਸ ਪਰਸਨ ਨਾਲ ਰੂਬਰੂ ਹੋ ਕੇ ਉਨ੍ਹਾਂ ਦੇ ਕੰਮ-ਕਾਜ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਹੋਰ ਜੋਸ਼ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਨੇ ਇਹ ਗੱਲ ਸਾਂਝੀ ਕੀਤੀ ਕਿ ਸਿੱਖਿਆ ਪ੍ਰਣਾਲੀ ਵਿੱਚ ਅਕਾਦਮਿਕ ਸਪੋਰਟ ਗਰੁੱਪ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ, ਇਸ ਲਈ ਇਸ ਗਰੁੱਪ ਦੀ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ। ਵਰਕਸ਼ਾਪ ਦੌਰਾਨ ਬਲਾਕ ਰਿਸੋਰਸ ਪਰਸਨਾਂ ਨਾਲ ਅਜਿਹੇ ਵਿਸ਼ਿਆਂ ‘ਤੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਜੋ ਉਨ੍ਹਾਂ ਦੀ ਰੋਜ਼ਾਨਾ ਦੀਆਂ ਗਤੀਵਿਧੀਆਂ ਅਤੇ ਕਾਰਜ ਪ੍ਰਣਾਲੀ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਹਨ।

ਤਿੰਨ ਰੋਜ਼ਾ ਵਰਕਸ਼ਾਪ ਦੌਰਾਨ ਕਲਾਸਰੂਮ ਅਬਜ਼ਰਵੇਸ਼ਨ ਕਰਨਾ, ਅਧਿਆਪਕਾਂ ਨੂੰ ਮਾਰਗਦਰਸ਼ਨ ਦੇਣਾ, ਉਨ੍ਹਾਂ ਦੀ ਸਮਰੱਥਾ ਨਿਰਮਾਣ ਵੱਲ ਧਿਆਨ ਦੇਣਾ ਅਤੇ ਪਾਠ ਯੋਜਨਾ ਤਿਆਰ ਕਰਨ ਵਿੱਚ ਸਹਾਇਤਾ ਮੁਹੱਈਆ ਕਰਵਾਉਣਾ ਸ਼ਾਮਲ ਸੀ। ਇਸ ਤੋਂ ਇਲਾਵਾ ਡੇਟਾ ਇਕੱਠਾ ਕਰਨ ਅਤੇ ਉਸਦੀ ਰਿਪੋਰਟਿੰਗ ਕਰਨ ਦੇ ਤਰੀਕੇ, ਸਕੂਲਾਂ ਦੀ ਲੀਡਰਸ਼ਿਪ ਨਾਲ ਸਾਂਝ ਬਣਾਉਣ, ਸਕੂਲ ਮੁਖੀਆਂ ਨਾਲ ਮਿਲ ਕੇ ਕਾਰਜ ਕਰਨਾ ਅਤੇ ਵਿਦਿਆਰਥੀਆਂ ਲਈ ਜਮਾਤਾਂ ਵਿੱਚ ਸਿੱਖਣ-ਸਿਖਾਉਣ ਦਾ ਸਿਹਤਮੰਦ ਮਾਹੌਲ ਬਣਾਉਣ ਵਰਗੇ ਅਹਿਮ ਵਿਸ਼ਿਆਂ ‘ਤੇ ਵੀ ਵਿਸਥਾਰ ਨਾਲ ਵਿਚਾਰ ਕੀਤਾ ਗਿਆ।
ਵਰਕਸ਼ਾਪ ਵਿੱਚ ਇਹ ਵੀ ਰੱਖਿਆ ਗਿਆ ਕਿ ਹਰ ਰਿਸੋਰਸ ਪਰਸਨ ਆਪਣੇ ਕੰਮ ਲਈ ਜਵਾਬਦੇਹ ਹੋਵੇ ਅਤੇ ਉਸਦਾ ਨਤੀਜਾ ਜ਼ਮੀਨੀ ਪੱਧਰ ‘ਤੇ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਵਿੱਚ ਦਿਖਾਈ ਦੇਵੇ। ਇਸ ਤਿੰਨ ਦਿਨਾਂ ਦੀ ਵਰਕਸ਼ਾਪ ਦੌਰਾਨ ਭਾਗੀਦਾਰਾਂ ਲਈ ਖਾਣ-ਪੀਣ ਅਤੇ ਬੈਠਣ ਦੀ ਵਧੀਆ ਸੁਵਿਧਾ ਦਾ ਪ੍ਰਬੰਧ ਕੀਤਾ ਗਿਆ ਸੀ, ਤਾਂ ਜੋ ਉਹ ਮਨੋਂਯੋਗ ਤਰੀਕੇ ਨਾਲ ਸਾਰੇ ਸੈਸ਼ਨਾਂ ਵਿੱਚ ਹਾਜ਼ਰੀ ਲਗਾ ਸਕਣ।

ਵਰਕਸ਼ਾਪ ਦੇ ਸੰਚਾਲਨ ਵਿੱਚ ਡੀਆਰਸੀ ਵਿਨੀਤ ਮਹਾਜਨ, ਸੰਜੀਵ ਕੁਮਾਰ, ਗੁਰਨਾਮ ਸਿੰਘ, ਅਸ਼ੋਕ ਕੁਮਾਰ ਅਤੇ ਬੀਆਰਸੀ ਨਵਜੀਵਨ ਸਿੰਘ, ਰੋਬਿਨ, ਅਜੈ ਭੋਗਲ ਅਤੇ ਬੋਧਰਾਜ ਨੇ ਬਤੌਰ ਰਿਸੋਰਸ ਪਰਸਨ ਵਜੋਂ ਮਹੱਤਵਪੂਰਨ ਯੋਗਦਾਨ ਪਾਇਆ। ਸਮਾਪਨ ਸਮਾਰੋਹ ਦੌਰਾਨ ਡਾਇਟ ਇੰਚਾਰਜ ਨਰੇਸ਼ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸਦੇ ਨਾਲ ਹੀ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਸਾਰੇ ਬਲਾਕ ਰਿਸੋਰਸ ਪਰਸਨ ਕੋਆਰਡੀਨੇਟਰ ਨੇ ਸ਼ਮੂਲੀਅਤ ਕੀਤੀ।
ਸਮਾਰੋਹ ਦਾ ਸੰਚਾਲਨ ਡਾਇਟ ਦੇ ਅਧਿਕਾਰੀਆਂ ਵੱਲੋਂ ਸੁਚਾਰੂ ਢੰਗ ਨਾਲ ਕੀਤਾ ਗਿਆ, ਜਦੋਂ ਕਿ ਅੰਤ ਵਿੱਚ ਧੰਨਵਾਦ ਪ੍ਰਗਟਾਵਾ ਡੀਆਰਸੀ ਸ੍ਰੀ ਗੁਰਨਾਮ ਸਿੰਘ ਨੇ ਕੀਤਾ। ਇਹ ਵਰਕਸ਼ਾਪ ਸਿਰਫ਼ ਇੱਕ ਸਿਖਲਾਈ ਕਾਰਜਕ੍ਰਮ ਹੀ ਨਹੀਂ ਸੀ, ਸਗੋਂ ਇਸ ਨਾਲ ਅਧਿਆਪਕਾਂ ਦੀ ਸਮਰੱਥਾ ਵਧਾਉਣ ਅਤੇ ਸਕੂਲ ਪੱਧਰ ‘ਤੇ ਸਿੱਖਿਆ ਦੇ ਗੁਣਵੱਤਾ ਪੂਰਣ ਨਤੀਜੇ ਪ੍ਰਾਪਤ ਕਰਨ ਲਈ ਇੱਕ ਨਵਾਂ ਦਿਸ਼ਾ-ਨਿਰਦੇਸ਼ ਮਿਲਿਆ ਹੈ। ਭਾਗੀਦਾਰਾਂ ਵੱਲੋਂ ਵੀ ਇਸ ਗੱਲ ਦੀ ਸਵੀਕਾਰਤਾ ਕੀਤੀ ਗਈ ਕਿ ਉਹ ਆਪਣੇ-ਆਪਣੇ ਬਲਾਕਾਂ ਵਿੱਚ ਵਾਪਸ ਜਾ ਕੇ ਇਸ ਸਿਖਲਾਈ ਦੌਰਾਨ ਸਿੱਖੀਆਂ ਗੱਲਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨਗੇ।











