ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਡੇਰਾ ਬਾਬਾ ਨਾਨਕ/ਕਲਾਨੌਰ, 04 ਸਤੰਬਰ
ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਇਨ੍ਹਾਂ ਕਾਰਜਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਲਗਾਤਾਰ ਸਹਿਯੋਗ ਮਿਲ ਰਿਹਾ ਹੈ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਉਬਰਾਏ ਵੱਲੋਂ ਇੱਕ ਵਾਰ ਫਿਰ ਹੜ੍ਹ ਪੀੜਤਾਂ ਲਈ ਵੱਡੀ ਸਹਾਇਤਾ ਭੇਜੀ ਗਈ। ਟਰੱਸਟ ਵੱਲੋਂ 100 ਰਾਸ਼ਨ ਕਿੱਟਾਂ, 100 ਤਰਪਾਲਾਂ ਅਤੇ 21 ਟਨ ਪਸ਼ੂਆਂ ਦਾ ਚਾਰਾ ਵੰਡਿਆ ਗਿਆ। ਇਹ ਰਾਹਤ ਸਮਗਰੀ ਦੇ ਦੋ ਟਰੱਕ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੇ ਗਏ।
ਟਰੱਸਟ ਵੱਲੋਂ ਇਸ ਤੋਂ ਪਹਿਲਾਂ ਵੀ 100 ਰਾਸ਼ਨ ਕਿੱਟਾਂ ਅਤੇ 40 ਟਨ ਪਸ਼ੂਆਂ ਦਾ ਚਾਰਾ ਹੜ੍ਹ ਪੀੜਤਾਂ ਨੂੰ ਵੰਡਿਆ ਜਾ ਚੁੱਕਾ ਹੈ।
ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਡਾ. ਐੱਸ.ਪੀ. ਸਿੰਘ ਉਬਰਾਏ ਦੀ ਮਨੁੱਖਤਾ ਲਈ ਕੀਤੀ ਜਾ ਰਹੀ ਸੇਵਾ ਹੜ੍ਹ ਪੀੜਤਾਂ ਲਈ ਵੱਡਾ ਸਹਾਰਾ ਹੈ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਦੇ ਨਾਲ ਲੱਗਦੇ ਖੇਤਰਾਂ ਵਿੱਚ ਹੜ੍ਹ ਕਾਰਨ ਵੱਡੀ ਤਬਾਹੀ ਆਈ ਹੈ ਅਤੇ ਕਈ ਪਰਿਵਾਰ ਬੇਘਰ ਹੋਏ ਹਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਸਟ ਵੱਲੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਰਾਹਤ ਕਾਰਜ ਜਾਰੀ ਰਹਿਣਗੇ।

ਇਸ ਮੌਕੇ ਐੱਸ.ਡੀ.ਐੱਮ. ਕਲਾਨੌਰ ਜਯੋਤਸਨਾ ਸਿੰਘ, ਡੀ.ਪੀ.ਆਰ.ਓ. ਗੁਰਦਾਸਪੁਰ ਇੰਦਰਜੀਤ ਸਿੰਘ, ਤਹਿਸੀਲਦਾਰ ਰਜਿੰਦਰ ਸਿੰਘ, ਟਰੱਸਟ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਹੈਪੀ, ਐਡਵੋਕੇਟ ਹਰਸ਼ਮੀਤ ਸਿੰਘ, ਜੋਧਵੀਰ ਸਿੰਘ, ਪਰਮਬੀਰ ਸਿੰਘ ਸਮੇਤ ਹੋਰ ਮੁਹਤਬਰ ਵੀ ਮੌਜੂਦ ਸਨ।










