ਸੂਬਾ ਸਰਕਾਰ ਨੇ ਹੜ੍ਹਾਂ ਕਰਕੇ ਲਿਆ ਫੈਸਲਾ, ਬਲਾਕ ਪੱਧਰੀ ਮੁਕਾਬਲੇ 3 ਸਤੰਬਰ ਤੋਂ ਹੋਣੇ ਸਨ ਸ਼ੁਰੂ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਚੰਡੀਗੜ੍ਹ, 31 ਅਗਸਤ
ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇੱਕ ਹਜ਼ਾਰ ਦੇ ਕਰੀਬ ਪਿੰਡ ਹੜ੍ਹਾਂ ਦੀ ਲਪੇਟ ‘ਚ ਆਏ ਹੋਏ ਹਨ, ਜਿਸ ਕਰਕੇ ਲੱਖਾਂ ਲੋਕ ਘਰੋਂ ਬੇਘਰ ਹੋ ਗਏ ਹਨ। ਅਜਿਹੇ ਗੰਭੀਰ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਖੇਡਾਂ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਸੂਬੇ ਵਿੱਚ ਹੋਣ ਵਾਲਾ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ ਮੁਲਤਵੀ ਕਰ ਦਿੱਤਾ ਗਿਆ ਹੈ।

ਇਸ ਖੇਡ ਮਹਾਕੁੰਭ ਦੇ ਤਹਿਤ ਬਲਾਕ ਪੱਧਰੀ ਮੁਕਾਬਲੇ 3 ਸਤੰਬਰ ਤੋਂ ਸ਼ੁਰੂ ਹੋਣੇ ਸਨ। ਪਰੰਤੂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮੁਸੀਬਤਾਂ ਨੂੰ ਵੇਖਦਿਆਂ, ਸਰਕਾਰ ਨੇ ਇਹ ਟੂਰਨਾਮੈਂਟ ਅਣਮਿਆਦੀ ਸਮੇਂ ਲਈ ਰੋਕ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਾਲ 2022 ਵਿੱਚ ਸਰਕਾਰ ਬਣਾਉਣ ਤੋਂ ਬਾਅਦ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਵਰ੍ਹੇ ਚੌਥਾ ਸੀਜ਼ਨ ਹੋਣਾ ਸੀ, ਪਰ ਹੜ੍ਹਾਂ ਦੇ ਕਾਰਨ ਹੁਣ ਇਸਦੀ ਮਿਤੀ ਬਾਅਦ ਵਿੱਚ ਤੈਅ ਕੀਤੀ ਜਾਵੇਗੀ।











