ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 30 ਅਗਸਤ
ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ।
ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 3 ਗਰਭਵਤੀ ਮਹਿਲਾਵਾਂ ਅਤੇ 2 ਸੱਪ ਦੇ ਢੰਗ ਵਾਲੇ ਮਰੀਜ਼ਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਹੁਣ ਤੱਕ 52 ਮੈਡੀਕਲ ਕੈਂਪ ਲਗਾਏ ਗਏ ਹਨ ਜਦਕਿ 38 ਮੋਬਾਈਲ ਮੈਡੀਕਲ ਟੀਮਾਂ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੀਆਂ ਹਨ।

ਜ਼ਰੂਰੀ ਹਾਲਾਤਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ‘ਤੇ 3 ਅਤੇ ਬਲਾਕ ਪੱਧਰ ‘ਤੇ 19 ਰੈਪਿਡ ਰਿਸਪਾਂਸ ਟੀਮਾਂ ਕੰਮ ਕਰ ਰਹੀਆਂ ਹਨ। ਡਾ. ਸਿੰਘ ਨੇ ਕਿਹਾ ਕਿ ਇਨ੍ਹਾਂ ਟੀਮਾਂ ਨੇ ਸੈਂਕੜੇ ਮਰੀਜ਼ਾਂ ਦੀ ਜਾਨ ਬਚਾਈ ਹੈ।
ਇਸ ਸਮੇਂ ਜ਼ਿਲ੍ਹੇ ਵਿੱਚ 6 ਸਿਹਤ ਵਿਭਾਗ ਦੀਆਂ ਐਂਬੂਲੈਂਸਾਂ ਅਤੇ 17 ਐਮਰਜੈਂਸੀ ‘108’ ਐਂਬੂਲੈਂਸਾਂ ਸੇਵਾ ਵਿੱਚ ਮੌਜੂਦ ਹਨ। ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਪੀਣ ਵਾਲੇ ਪਾਣੀ ਦੀ ਗੁਣਵੱਤਾ ਚੈਕ ਕਰਨ ਲਈ ਟੀਮਾਂ ਨੂੰ ਆਨ-ਸਪੌਟ ਵਾਟਰ ਟੈਸਟਿੰਗ ਕਿੱਟਾਂ ਦਿੱਤੀਆਂ ਗਈਆਂ ਹਨ ਅਤੇ ਪਾਣੀ ਦੀ ਕਲੋਰੀਨੇਸ਼ਨ ਵੀ ਕੀਤੀ ਜਾ ਰਹੀ ਹੈ।
ਮੱਛਰਾਂ ਤੋਂ ਬਚਾਅ ਲਈ ਫੌਗਿੰਗ ਕਾਰਜ ਵੀ ਜਾਰੀ ਹਨ। ਨਗਰ ਕੌਂਸਲਾਂ ਕੋਲ 18 ਜਦਕਿ ਸਿਹਤ ਵਿਭਾਗ ਕੋਲ 2 ਫੌਗਿੰਗ ਮਸ਼ੀਨਾਂ ਹਨ। ਲੋਕਾਂ ਵਿੱਚ ਮੱਛਰ ਰੋਧੀ ਕਰੀਮਾਂ ਅਤੇ ਕੋਇਲਾਂ ਵੰਡੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਓ.ਆਰ.ਐੱਸ. ਦੇ ਪੈਕੇਟ ਵੰਡ ਕੇ ਦਸਤ ਤੇ ਡਾਇਰੀਆ ਤੋਂ ਬਚਾਅ ਲਈ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਹੜ੍ਹ ਪ੍ਰਭਾਵਿਤ ਖੇਤਰਾਂ ਲਈ ਵਿਸ਼ੇਸ਼ ਐਡਵਾਈਜ਼ਰੀ
ਹੜ੍ਹਾਂ ਤੋਂ ਬਾਅਦ ਹੁਣ ਦਸਤ, ਹੈਜ਼ਾ, ਡੇਂਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ। ਇਸਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਨੇ ਹਾਈ ਅਲਰਟ ਜਾਰੀ ਕਰਦਿਆਂ ਲੋਕਾਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ।
ਡਾ. ਜਸਵਿੰਦਰ ਸਿੰਘ ਨੇ ਅਪੀਲ ਕੀਤੀ ਕਿ ਲੋਕ ਆਪਣੀ ਤੇ ਪਰਿਵਾਰ ਦੀ ਸਿਹਤ ਲਈ ਇਹ ਹਦਾਇਤਾਂ ਜ਼ਰੂਰ ਮੰਨਣ:
🌑ਕੇਵਲ ਉਬਾਲਿਆ ਜਾਂ ਕਲੋਰੀਨ ਵਾਲਾ ਪਾਣੀ ਹੀ ਪੀਓ।
🌑ਖਾਣ ਤੋਂ ਪਹਿਲਾਂ ਹੱਥ ਸਾਬਣ ਨਾਲ ਵਾਰ-ਵਾਰ ਧੋਵੋ।
🌑ਹੜ੍ਹ ਦੇ ਪਾਣੀ ਨਾਲ ਸੰਪਰਕ ਵਿੱਚ ਆਇਆ ਭੋਜਨ ਨਾ ਖਾਓ।
🌑ਘਰ ਦੇ ਆਲੇ-ਦੁਆਲੇ ਜਮ੍ਹਾਂ ਪਾਣੀ ਤੁਰੰਤ ਹਟਾਓ ਤਾਂ ਜੋ ਮੱਛਰ ਨਾ ਪੈਦਾ ਹੋਣ।
🌑ਮੱਛਰਦਾਨੀ ਵਰਤੋ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ।
🌑ਗਿੱਲੇ ਕੱਪੜੇ ਜਲਦੀ ਬਦਲੋ ਅਤੇ ਹੜ੍ਹ ਵਾਲੇ ਪਾਣੀ ਵਿੱਚ ਤੁਰਦਿਆਂ ਸੁਰੱਖਿਅਤ ਜੁੱਤੇ ਪਹਿਨੋ।ਉਨ੍ਹਾਂ ਕਿਹਾ ਕਿ ਉਲਟੀਆਂ ਜਾਂ ਦਸਤ ਦੀ ਸਥਿਤੀ ਵਿੱਚ ਮਰੀਜ਼ ਨੂੰ ਤੁਰੰਤ ਓ.ਆਰ.ਐੱਸ. ਪਿਲਾਓ ਅਤੇ ਸਭ ਤੋਂ ਨੇੜਲੇ ਸਿਹਤ ਕੈਂਪ ਜਾਂ ਹਸਪਤਾਲ ਨਾਲ ਸੰਪਰਕ ਕਰੋ। “ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ। ਜੇ ਲੋਕ ਜਾਰੀ ਕੀਤੀਆਂ ਹਦਾਇਤਾਂ ਦਾ ਪਾਲਣ ਕਰਨ, ਤਾਂ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।











